ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਕਤੂਬਰ
ਭਾਰਤੀ ਯੂਥ ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸ਼ਹੀਦੀ ਦਿਵਸ ’ਤੇ ਵੱਖ-ਵੱਖ ਖੇਤਰਾਂ ਵਿੱਚ ਚੰਗਾ ਕੰਮ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਤੇ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ, ਉਨ੍ਹਾਂ ਨੇ ਆਰਡੀਨੈਂਸ ਰਾਹੀਂ ਦੇਸ਼ ਦੇ 14 ਨਿੱਜੀ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ। ਇਹ ਇੰਦਰਾ ਦੀ ਹਿੰਮਤ ਹੀ ਸੀ, ਜਿਸ ਕਾਰਨ 1971 ਵਿੱਚ ਪਾਕਿਸਤਾਨ ਦੀ ਸ਼ਰਮਨਾਕ ਹਾਰ ਹੋਈ ਤੇ ਬੰਗਲਾਦੇਸ਼ ਦਾ ਨਿਰਮਾਣ ਹੋਇਆ। 1974 ਵਿੱਚ ਪਰਮਾਣੂ ਪਰੀਖਣ ਕਰਕੇ ਭਾਰਤ ਨੂੰ ਇੱਕ ਨਵੀਂ ਤਾਕਤ ਦਿੱਤੀ ਗਈ ਸੀ। ਪੰਜਵੀਂ ਪੰਜ ਸਾਲਾ ਯੋਜਨਾ ਤਹਿਤ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਤੇ ਦੇਸ਼ ਵਿੱਚੋਂ ਗਰੀਬੀ ਖਤਮ ਕਰਨ ਲਈ ਵੀਹ ਨੁਕਾਤੀ ਪ੍ਰੋਗਰਾਮ ਤੈਅ ਕੀਤੇ। ਪ੍ਰਧਾਨ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਰਾਜਨੀਤਿਕ ਜੀਵਨ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਸੀ, ਉਹ ਆਪਣੀਆਂ ਆਲੋਚਨਾਵਾਂ ਤੋਂ ਘਬਰਾਈ ਨਹੀਂ, ਸਗੋਂ ਉਨ੍ਹਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧੇ। ਆਪਣੀ ਸ਼ਖ਼ਸੀਅਤ ਅਤੇ ਸਾਕਾਰਾਤਮਕ ਰਵੱਈਏ ਕਾਰਨ, ਉਸਨੂੰ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦੇ ਫ਼ੈਸਲਿਆਂ ਨੂੰ ਭਾਰਤੀ ਰਾਜਨੀਤੀ ਵਿੱਚ ਇੱਕ ਮਿਸਾਲ ਵਜੋਂ ਦੇਖਿਆ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਵਧੀਆ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ।