ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ
ਸ੍ਰੀ ਗੁਰੂ ਸਿੰਘ ਸਭਾ ਸ਼ਿਵ ਨਗਰ ਦੀ ਇਸਤਰੀ ਸਤਿਸੰਗ ਸਭਾ ਵੱਲੋਂ ਪੰਥਕ ਸੇਵਾ ਦਲ ਦੇ ਇਸ ਵਾਰਡ ਤੋਂ ਉਮੀਦਵਾਰ ਮਲਕੀਤ ਸਿੰਘ ਪਾਹਵਾ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਮਲਕੀਤ ਸਿੰਘ ਪਾਹਵਾ ਨੇ ਕਿਹਾ ਕਿ ਸਿੱਖ ਕੌਮ ਵਿੱਚ ਇਸਤਰੀਆਂ ਦੀ ਅਹਿਮ ਭੂਮਿਕਾ ਹੈ ਤੇ ਉਹ ਧਾਰਮਿਕ ਪ੍ਰਬੰਧ ਵਿੱਚ ਵੀ ਹਿੱਸਾ ਪਾਉਂਦੀਆਂ ਹਨ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੀਬੀਆਂ ਦੀ ਹਿੱਸੇਦਾਰੀ ਅਨੁਪਾਤ ਅਨੁਸਾਰ ਘੱਟ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦਾ ਨਿਜ਼ਾਮ ਬਦਲਣ ਲਈ ਜ਼ਰੂਰੀ ਹੈ ਕਿ ਬੀਬੀਆਂ ਤੇ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਸਰਗਰਮੀਆਂ ਵਿੱਚ ਭਰਵੀਂ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਵੱਲੋਂ ਬੀਤੇ ਅੱਠ ਸਾਲਾਂ ਦੌਰਾਨ ਕਮੇਟੀ ਦੀ ਆਰਥਿਕਤਾ ਨੂੰ ਜੋ ਖੋਰਾ ਲਾਇਆ ਹੈ ਗਿਆ, ਉਸ ਦਾ ਨੁਕਸਾਨ ਲੰਬੇ ਸਮੇਂ ਤੱਕ ਦਿੱਲੀ ਦੀਆਂ ਖ਼ਾਲਸਾ ਵਿਦਿਅਕ ਸੰਸਥਾਵਾਂ, ਕਮੇਟੀ ਮੁਲਾਜ਼ਮਾਂ ਤੇ ਅਧਿਆਪਨ ਅਮਲੇ ਨੂੰ ਝੱਲਣਾ ਪਵੇਗਾ।
ਇਸ ਮੌਕੇ ਹਰਜੀਤ ਕੌਰ, ਨਰਿੰਦਰ ਕੌਰ, ਮਿਸ ਚੀਨਾ, ਸੁਰਜੀਤ ਕੌਰ, ਗੁਰਵਿੰਦਰ ਕੌਰ ਵੱਲੋਂ ਸ੍ਰੀ ਪਾਹਵਾ ਤੇ ਸ੍ਰੀਮਤੀ ਜਸਬੀਰ ਕੌਰ ਪਾਹਵਾ ਦਾ ਸਨਮਾਨ ਸਿੱਖ ਰਵਾਇਤ ਮੁਤਾਬਕ ਕੀਤਾ ਗਿਆ। ਕਮੇਟੀ ਚੋਣਾਂ ਲਈ ਪੰਥਕ ਸੇਵਾ ਦਲ ਵੱਲੋਂ 28 ਹਲਕਿਆਂ ਵਿੱਚ ਉਮੀਦਵਾਰ ਉਤਾਰੇ ਗਏ ਹਨ ਤੇ ਦਲ ਵੱਲੋਂ ਕਿਸਾਨੀ ਸੰਘਰਸ਼ ਦਾ ਸਮਰਥਨ ਵੀ ਕੀਤਾ ਹੈ। ਇਸ ਵਾਰ ਦੀਆਂ ਚੋਣਾਂ ਦੌਰਾਨ ਕਿਸਾਨ ਸੰਘਰਸ਼ ਦਾ ਅਸਿੱਧਾ ਅਸਰ ਇਨ੍ਹਾਂ ਧਾਰਮਿਕ ਚੋਣਾਂ ਉਪਰ ਦਿਖਾਈ ਦੇ ਰਿਹਾ ਹੈ। ਸ਼ਿਵ ਨਗਰ ਹਲਕੇ ਵਿੱਚੋਂ ਸਿੱਖ ਕਾਰਕੁਨ ਸਿੰਘੂ ਤੇ ਟਿਕਰੀ ਮੋਰਚਿਆਂ ਉੱਪਰ ਅਕਸਰ ਜਾਂਦੇ ਰਹੇ ਸਨ।