ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਸਿੱਖ ਗੁਰੂਆਂ ਦੀ ਛੋਹ-ਪ੍ਰਾਪਤ ਅਤੇ ਇਤਿਹਾਸਕ ਵਸਤਾਂ ਦੀ ਸਾਂਭ-ਸੰਭਾਲ ਲਈ ਇਕ ‘ਇਤਿਹਾਸਕ ਰਿਸਰਚ ਬੋਰਡ’ ਦਾ ਗਠਨ ਕੀਤਾ ਗਿਆ ਹੈ। ਦਿੱਲੀ ਕਮੇਟੀ ਵੱਲੋਂ ਗਠਿਤ ਕੀਤੇ ਗਏ ਇਸ ਬੋਰਡ ’ਚ ਨਿਹੰਗ ਸਿੰਘ ਸੰਪ੍ਰਦਾਇ ਸਿੱਖ ਸ਼ਸਤਰ ਵਿਦਿਆ ’ਤੇ ਪੀਐੱਚਡੀ ਕਰਨ ਵਾਲੇ ਡਾ. ਮਨਿੰਦਰ ਸਿੰਘ ਪਟਿਆਲਾ, ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਇਤਿਹਾਸਕਾਰ ਸਿਮਰ ਸਿੰਘ ਜਿਸ ਦੇ ਨਾਂ 11 ਵਿਸ਼ਵ ਰਿਕਾਰਡ ਵੀ ਦਰਜ ਹਨ, ਸਿੱਖ ਸਕਾਲਰ ਮਨਦੀਪ ਸਿੰਘ, ਸੇਵਾਮੁਕਤ ਡਾਇਰੈਕਟਰ ਭਾਸ਼ਾ ਵਿਭਾਗ ਚੇਤਨ ਸਿੰਘ, ਪੀਐੱਚਡੀ ਸਕਾਲਰ ਡਾ. ਮਨਪ੍ਰੀਤ ਸਿੰਘ, ਆਰਟਿਸਟ ਅਤੇ ਸਿੱਖ ਵਿਦਿਵਾਨ ਹਰਪ੍ਰੀਤ ਸਿੰਘ ਨਾਗ, ਇਤਿਹਾਸਕਾਰ ਡਾ. ਹਰਬੰਸ ਕੌਸ ਸੱਗੂ ਅਤੇ ਸਿੱਖ ਵਿਦਿਵਾਨ ਤੇਜਵਿੰਦਰ ਸਿੰਘ ਸ਼ਾਮਲ ਹਨ। ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਦਾ ਫ਼ਰਜ਼ ਹੈ ਕਿ ਉਹ ਦਿੱਲੀ, ਦੇਸ਼ ਤੇ ਦੁਨੀਆ ਭਰ ’ਚ ਜਿੱਥੇ ਵੀ ਸਿੱਖ ਗੁਰੂਆਂ ਦੀ ਛੋਹ ਪ੍ਰਾਪਤ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਜਾਂ ਵਸਤੂ ਹੋਵੇ, ਉਸ ਦੀ ਸੇਵਾ-ਸੰਭਾਲ ਕਰਕੇ ਉਸ ਨੂੰ ਸੰਗਤ ਤੱਕ ਪਹੁੰਚਾਵੇ। ਇਸੇ ਟੀਚੇ ਨੂੰ ਪੂਰਾ ਕਰਨ ਲਈ ਇਸ ਬੋਰਡ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਵਾਨ ਸਿੱਖ ਕੌਮ ਅੱਗੇ ਇਤਿਹਾਸ ਪੱਖੋਂ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰਨ ’ਚ ਸਹਾਇਕ ਹੋਣਗੇ। ਇਸ ਬੋਰਡ ਵੱਲੋਂ ਛੇਤੀ ਹੀ ਇਕ ਪੋਰਟਲ ਤਿਆਰ ਕਰਕੇ ਉਸ ਨੂੰ ਇੰਟਰਨੈਟ ’ਤੇ ਉਪਲੱਬਧ ਕਰਵਾਇਆ ਜਾਵੇਗਾ, ਜਿਸ ਰਾਹੀਂ ਸਿੱਖ ਇਤਿਹਾਸ ਨਾਲ ਜੁੜੀਆਂ ਤੱਥ-ਭਰਪੂਰ ਜਾਣਕਾਰੀਆਂ ਦੇਸ਼-ਵਿਦੇਸ਼ ਦੇ ਲੋਕ ਪ੍ਰਾਪਤ ਕਰ ਸਕਣਗੇ।
ਬੇਅਦਬੀ ਦੀ ਘਟਨਾ ਖ਼ਿਲਾਫ਼ ਵਿਦੇਸ਼ ਮੰਤਰੀ ਨੂੰ ਪੱਤਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੀ ‘ਟਿਕ ਟੋਕ’ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋਈਆਂ ਕਈ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੋਂ ਲਿਖਤੀ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਆਪਣੇ ਹਮਰੁਤਬਾ ਮੰਤਰਾਲੇ ਨਾਲ ਰਾਬਤਾ ਕਾਇਮ ਕਰਕੇ ਛੇਤੀ ਹੀ ਪਾਕਿਸਤਾਨ ’ਚ ਵੱਸਦੇ ਸਿੱਖ-ਹਿੰਦੂ ਪਰਿਵਾਰਾਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਕਰਨ ਸੰਬੰਧੀ ਢੁੱਕਵੀਂ ਕਾਰਵਾਈ ਕਰਨ। ਦਿੱਲੀ ਕਮੇਟੀ ਨੇ ਭਾਰਤ ’ਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਵੀ ਇਕ ਪੱਤਰ ਲਿਖਿਆ ਗਿਆ ਹੈ। ਕਾਹਲੋਂ ਨੇ ਪੰਜਾ ਸਾਹਿਬ ’ਚ ਬੀਤੇ ਦਿਨੀਂ ਇਕ ਫਿਲਮ ਦੀ ਸ਼ੂਟਿੰਗ ਕਰਨ ਗਈ ਟੀਮ ਵੱਲੋਂ ਗੁਰੂ ਘਰ ’ਚ ਜੋੜੇ ਪਾ ਕੇ ਦਾਖ਼ਲ ਹੋਣ ਦੀ ਘਟਨਾ ’ਤੇ ਰੋਸ ਜਤਾਉਂਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਮੁਲਕ ’ਚ ਘੱਟ ਗਿਣਤੀ ਸਿੱਖਾਂ ਤੇ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕਰੇ ਤੇ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ। ਆਗੂਆਂ ਨੇ ਦੱਸਿਆ ਕਿ ਇਕ ਮੁਸਲਿਮ ਭਾਈਚਾਰੇ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਗੁਰਦੁਆਰਾ ਸਾਹਿਬ ’ਚ ਜੋੜੇ ਪਾ ਕੇ ਅਤੇ ਨੰਗੇ ਸਿਰ ਪੁੱਜੀ ਟੀਮ ਦਾ ਵਿਰੋਧ ਜਤਾਉਂਦਿਆਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਸੀ। ਉਨ੍ਹਾਂ ਉਸ ਵਿਅਕਤੀ ਦੀ ਸੁਰੱਖਿਆ ਬਾਰੇ ਫਿਕਰਮੰਦੀ ਜਤਾਈ ਕਿਉਂਕਿ ਵੀਡੀਓ ਵਾਇਰਲ ਹੋਣ ਮਗਰੋਂ ਇਹ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ।