ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜਨਵਰੀ
‘ਆਪ’ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਦੱਖਣੀ ਐੱਮਸੀਡੀ ਦਿੱਲੀ ਦੀਆਂ ਇਤਿਹਾਸਕ ਇਮਾਰਤਾਂ ਨੂੰ ਨਿੱਜੀ ਮਾਫੀਆ ਨੂੰ ਵੇਚ ਰਹੀ ਹੈ। ਭਾਜਪਾ ਦਾ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ, ਪਹਿਲਾਂ ਦਿੱਲੀ ਦੇ ਸਕੂਲ ਅਤੇ ਬੱਚਿਆਂ ਦੇ ਭਵਿੱਖ ਨੂੰ ਵੇਚ ਰਹੀ ਹੈ ਤੇ ਹੁਣ ਵਿਰਾਸਤੀ ਇਮਾਰਤਾਂ ਅਤੇ ਦਿੱਲੀ ਦਾ ਇਤਿਹਾਸ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸ਼ਾਸਿਤ ਐੱਮਸੀਡੀ ਵੱਲੋਂ ਦਿੱਲੀ ਦੀ ਵਿਰਾਸਤ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਤਾਂ ਉਨ੍ਹਾਂ ਨੂੰ ਦਿੱਲੀ ਸਰਕਾਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਦਿੱਲੀ ਸਰਕਾਰ ਸਾਰੀਆਂ ਇਤਿਹਾਸਕ ਇਮਾਰਤਾਂ ਦੀ ਦੇਖਭਾਲ ਵੀ ਕਰੇਗੀ ਤੇ ਦਿੱਲੀ ਵਿੱਚ ਸੈਰ ਸਪਾਟੇ ਨੂੰ ਵੀ ਵਧਾਏਗੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਪੈਸੇ ਦੇ ਇੰਨੇ ਭੁੱਖੇ ਹਨ ਕਿ ਉਹ ਅਪਰੈਲ ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਐੱਮਸੀਡੀ ਜਾਇਦਾਦਾਂ ਨੂੰ ਵੇਚਣਾ ਚਾਹੁੰਦੇ ਹਨ।
ਆਤਿਸ਼ੀ ਨੇ ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਮੁੱਦਾ ਵਾਰ-ਵਾਰ ਉਠਾਇਆ ਹੈ। ਨਾਵਲਟੀ ਸਿਨੇਮਾ ਬਹੁਤ ਘਟੀਆ ਕੀਮਤਾਂ ’ਤੇ ਵੇਚਿਆ ਗਿਆ, ਸ਼ਾਲੀਮਾਰ ਬਾਗ ਵਿੱਚ ਪਾਰਕਿੰਗ ਵੇਚ ਦਿੱਤੀ, ਟਾਊਨਹਾਲ ਮਾਲ, ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿੱਚ 132 ਪਲਾਟ, ਨਾਨੀਵਾਲਾ ਬਾਗ ਕਮਰਸ਼ੀਅਲ ਕੰਪਲੈਕਸ, 13 ਮਲਟੀਲੇਵਲ ਪਾਰਕਿੰਗ ਆਦਿ ਕਈ ਜਾਇਦਾਦਾਂ ਵੇਚੀਆਂ। ਆਤਿਸ਼ੀ ਨੇ ਕਿਹਾ ਕਿ ਭਾਜਪਾ ਨੇ ਇੱਕ ਸਕੂਲ ਨੂੰ ਪਾਰਕਿੰਗ ਲਾਟ ਬਣਾਉਣ ਲਈ ਮਾਰਕੀਟ ਰੇਟ ਤੋਂ ਘੱਟ ਰੇਟ ’ਤੇ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤਾ, ਦੱਖਣੀ ਐੱਮਸੀਡੀ ਨੇ ਆਪਣੀ ਆਉਣ ਵਾਲੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਇੱਕ ਏਜੰਡਾ ਰੱਖਿਆ ਹੈ ਕਿ ਉਹ ਹੁਣ ਦਿੱਲੀ ਦੀਆਂ ਵਿਰਾਸਤੀ ਇਮਾਰਤਾਂ ਨੂੰ ਨਿੱਜੀ ਕੰਪਨੀਆਂ ਨੂੰ ਵੇਚੇਗੀ/ਲੀਜ਼ ’ਤੇ ਦੇਵੇਗੀ।