ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਦੇ ਹਿੰਦੂ ਰਾਓ ਹਸਪਤਾਲ ਦੇ ਅਮਲੇ ਨੂੰ 3 ਮਹੀਨੇ ਦੀ ਤਨਖ਼ਾਹ ਨਾ ਮਿਲਣ ਮਗਰੋਂ ਡਾਕਟਰਾਂ ਵੱਲੋਂ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਪਣੀ ਵਿੱਥਿਆ ਸੁਣਾਈ ਗਈ ਹੈ। ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਭਿਮਾਨਿਯੂ ਸਰਦਾਨਾ ਮੁਤਾਬਕ ਉਨ੍ਹਾਂ ਮਾਰਚ, ਅਪਰੈਲ ਦੀਆਂ ਤਨਖ਼ਾਹਾਂ ਜੁਲਾਈ ਵਿੱਚ ਅਦਾਲਤੀ ਦਖ਼ਲ ਮਗਰੋਂ ਹੀ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਤੇ ਦਿੱਲੀ ਸਰਕਾਰ ਦਰਮਿਆਨ ਰੱਫੜ ਹੋਣ ਕਰ ਕੇ ਫੰਡਾਂ ਦਾ ਰੌਲ਼ਾ ਪੈ ਜਾਂਦਾ ਹੈ ਤੇ ਹਮੇਸ਼ਾ ਦੋਸ਼ ਦੀ ਖੇਡ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਸਮੇਂ ਹਰੇਕ ਆਪਣੀ ਤਨਖ਼ਾਹ ਚਾਹੁੰਦਾ ਹੈ ਤੇ ਜੇਕਰ ਉੱਤਰੀ ਦਿੱਲੀ ਨਗਰ ਨਿਗਮ ਹਸਪਤਾਲ ਨਹੀਂ ਚਲਾ ਸਕਦੀ ਤਾਂ ਉਹ ਦਿੱਲੀ ਸਰਕਾਰ ਦੇ ਹਵਾਲੇ ਕਰ ਦੇਵੇ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਦੇਖਦੇ ਹੋਏ ਨਵੇਂ ਡਾਕਟਰ ਸੇਵਾਵਾਂ ਦੇਣਾ ਨਹੀਂ ਚਾਹੁੰਦੇ। ਇਥੇ 300 ਰੈਜ਼ੀਡੈਂਟ ਡਾਕਟਰ ਤੇ 600 ਤੋਂ ਜ਼ਿਆਦਾ ਪ੍ਰੋਫੈਸਰ ਤੇ ਸਲਾਹਕਾਰ ਹਨ। ਉੱਤਰੀ ਦਿੱਲੀ ਕੋਲ ਕਰੀਬ 1000 ਸੀਨੀਅਰ ਡਾਕਟਰ, 500 ਰੈਜ਼ੀਡੈਂਟ ਡਾਕਟਰ, 1500 ਨਰਸਾਂ ਤੇ ਹੋਰ ਅਮਲੇ ਇਸ ਦੀਆਂ ਸਾਰੀਆਂ ਮੈਡੀਕਲ ਸੇਵਾਵਾਂ ਤਹਿਤ ਕਾਰਜ ਕਰਦੇ ਹਨ। ਜੂਨ ਵਿੱਚ ਵੀ ਇਸੇ ਨਿਗਮ ਦੇ ਕਸਤੂਬਰਾ ਹਸਪਤਾਲ ਦੇ ਡਾਕਟਰਾਂ ਨੇ ਅਦਾਇਗੀਆਂ ਨਾ ਹੋਣ ਕਰਕੇ ਸਮੂਹਿਕ ਅਸਤੀਫ਼ਿਆਂ ਦੀ ਧਮਕੀ ਦਿੱਤੀ ਸੀ। ਡਾਕਟਰਾਂ ਨੇ ਪ੍ਰਬੰਧਕਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ ਕਿ ਉਹ ਤਨਖ਼ਾਹਾਂ ਦੇਣ ਨਹੀਂ ਤਾਂ ਡਾਕਟਰ ਅਗਲੇ ਸੰਘਰਸ਼ ਦੀ ਤਿਆਰੀ ਵਿੱਢਣਗੇ।