ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 9ਵੀਂ ਤੇ 11ਵੀਂ ਜਮਾਤ ਦੇ ਬੱਚਿਆਂ ਨੂੰ ਅੱਜ ਸਰਕਾਰੀ ਉੱਚ ਸੈਕੰਡਰੀ ਗਰਲਜ਼ ਸਕੂਲ, ਗਾਂਧੀ ਨਗਰ ਦਾ ਦੌਰਾ ਕਰਕੇ ਸਵਾਗਤ ਕੀਤਾ। ਉਨ੍ਹਾਂ ਕਰੋਨਾ ਤੋਂ ਬਚਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਕੂਲ ਦੇ ਅਹਾਤੇ ਵਿਚ ਵਧੀਆ ਸਫ਼ਾਈ ਲਈ ਨਿਰਦੇਸ਼ ਦਿੱਤੇ।
ਉਪ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ‘ਜ਼ੀਰੋ ਕੇਸ ਡੇਅ’ ਦਾ ਇੰਤਜ਼ਾਰ ਨਹੀਂ ਕਰ ਸਕਦੇ, ਲੰਬੇ ਸਮੇਂ ਬਾਅਦ ਆਮ ਜ਼ਿੰਦਗੀ ਵਿਚ ਵਾਪਸ ਜਾਣਾ ਜ਼ਰੂਰੀ ਹੈ। ਦਸਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਨੇ ਕਰੋਨਾ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਭਰੋਸਾ ਦਿੱਤਾ ਹੈ ਕਿ ਹੌਲੀ ਹੌਲੀ ਬਾਕੀ ਜਮਾਤਾਂ ਲਈ ਸਕੂਲ ਖੋਲ੍ਹ ਸਕਦੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬੱਚੇ ਕਰੋਨਾ ਵਿਰੁੱਧ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਪੜ੍ਹਾਈ ਕਰਨਗੇ।’
ਉਪ ਮੁੱਖ ਮੰਤਰੀ ਨੇ ਕਿਹਾ ਕਿ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਸ਼ੁਰੂਆਤ ਨੇ ਮਾਪਿਆਂ ’ਤੇ ਵੀ ਹਾਂ ਪੱਖੀ ਪ੍ਰਭਾਵ ਪਾਇਆ ਤੇ ਮਾਪਿਆਂ ਦੇ ਕਹਿਣ ’ਤੇ ਅੱਜ ਨੌਵੀਂ ਅਤੇ ਬਾਰ੍ਹਵੀਂ ਜਮਾਤ ਲਈ ਸਕੂਲ ਖੋਲ੍ਹੇ ਜਾ ਰਹੇ ਹਨ। ਸਕੂਲ ਖੋਲ੍ਹਣ ਦਾ ਸੰਕੇਤ ਹੈ ਕਿ ਹੁਣ ਜ਼ਿੰਦਗੀ ਮੁੜ ਲੀਹ ’ਤੇ ਆ ਗਈ ਹੈ। ਕਰੋਨਾ ਦੀ ਚੁਣੌਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਖੋਲ੍ਹਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਦਿੱਲੀ ਸਰਕਾਰ ਦਾ ਟੀਚਾ ਹੈ ਕਿ ਦਿੱਲੀ ਦੇ ਬੱਚਿਆਂ ਨੂੰ ਜ਼ਿੰਦਗੀ ਲਈ ਤਿਆਰ ਕਰਨਾ ਹੈ। ਬੱਚਿਆਂ ਨੂੰ ਅਭਿਆਸ ਕਰਦੇ ਹੋਏ ਦੇਖ ਕੇ ਖ਼ੁਸ਼ੀ ਹੁੰਦੀ ਹੈ।
ਸਕੂਲ ਦੌਰੇ ਦੌਰਾਨ ਉਪ ਮੁੱਖ ਮੰਤਰੀ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਸਕੂਲ ਦੁਬਾਰਾ ਖੋਲ੍ਹਣ ਤੋਂ ਖੁਸ਼ ਹਨ। ਗੱਲਬਾਤ ਦੌਰਾਨ ਉਪ ਮੁੱਖ ਮੰਤਰੀ ਨੇ ਬੱਚਿਆਂ ਨਾਲ ਪ੍ਰੀਖਿਆ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਸਾਰੇ ਵਿਦਿਆਰਥੀਆਂ ਨੇ ਇੱਕ ਆਵਾਜ਼ ਵਿੱਚ ਉਪ ਮੁੱਖ ਮੰਤਰੀ ਤੋਂ ਆਫਲਾਈਨ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਆਉਣ ਵਾਲੀਆਂ ਜਮਾਤਾਂ ਲਈ ਇਸ ਨੂੰ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇ।
ਸਿਸੋਦੀਆ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪੁਰਾਣੀ ਪਰੰਪਰਾ ਨੂੰ ਤੋੜਦਿਆਂ ਦਿੱਲੀ ਦੇ ਕਮਜ਼ੋਰ ਸਰਕਾਰੀ ਸਕੂਲਾਂ ਨੂੰ ਵਰਲਡ ਕਲਾਸ ਦੇ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਪਰ ਉਪ ਰਾਜਪਾਲ ਨੂੰ ਵਿਕਾਸ ਦੇ ਸਾਰੇ ਫ਼ੈਸਲੇ ਲੈਣ ਦੇ ਅਧਿਕਾਰ ਦੇਣ ਦੇ ਬਿੱਲ ਨੂੰ ਕੇਂਦਰ ਸਰਕਾਰ ਵੱਲੋਂ ਗੁਪਤ ਪ੍ਰਵਾਨਗੀ ਦੇ ਕੇ ਦਿੱਲੀ ਦੇ ਸਕੂਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਹਿਲੇ ਦਿਨ 70 ਫ਼ੀਸਦ ਵਿਦਿਆਰਥੀ ਪੁੱਜੇ
ਕਰੋਨਾ ਮਹਾਮਾਰੀ ਕਾਰਨ ਪਿਛਲੇ 10 ਮਹੀਨਿਆਂ ਤੋਂ ਸਕੂਲ ਬੰਦ ਸਨ। ਵਿਦਿਆਰਥੀ ਇਸ ਦੌਰਾਨ ਸਿਰਫ ਆਨਲਾਈਨ ਮਾਧਿਅਮ ਦੁਆਰਾ ਪੜ੍ਹ ਰਹੇ ਸਨ। ਅੱਜ ਪਹਿਲੇ ਦਿਨ ਸਿਰਫ 70 ਫ਼ੀਸਦ ਵਿਦਿਆਰਥੀ ਸਕੂਲ ਪਹੁੰਚੇ। ਸਕੂਲ ਦੇ ਅਧਿਆਪਕਾਂ ਨੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਕਰੋਨਾ ਨਾਲ ਸਬੰਧਤ ਸਾਰੇ ਨਿਯਮਾਂ ਬਾਰੇ ਦੱਸਿਆ। ਉਸ ਤੋਂ ਬਾਅਦ ਕਲਾਸਾਂ ਵਿਦਿਆਰਥੀਆਂ ਦੇ ਟਾਈਮ ਟੇਬਲ ਦੇ ਅਨੁਸਾਰ ਸ਼ੁਰੂ ਹੋਈਆਂ। ਸਕੂਲ ਵਿਚ ਵਿਦਿਆਰਥੀਆਂ ਲਈ ਮਾਪਿਆਂ ਦੀ ਸਹਿਮਤੀ ਪੱਤਰ ਲਿਆਉਣਾ ਵੀ ਲਾਜ਼ਮੀ ਸੀ। ਸਰਕਾਰੀ ਪ੍ਰਤਿਭਾ ਵਿਕਾਸ ਸਕੂਲ ਕਰੋਲ ਬਾਗ ਦੇ ਪ੍ਰਿੰਸੀਪਲ ਹੰਸ ਰਾਜ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਸਕੂਲ ਦੇ ਮੁੱਖ ਗੇਟ ’ਤੇ ਖੜ ਕੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ ਅਹਾਤੇ ਨੂੰ ਗੁਬਾਰਿਆਂ, ਫੁੱਲਾਂ ਤੇ ਰੰਗੋਲੀ ਨਾਲ ਸਜਾਇਆ ਗਿਆ ਸੀ।