ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਪਹਿਲਾਂ ਦਿੱਲੀ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਖੂਫੀਆ ਏਜੰਸੀਆਂ ਨੇ ਦਿੱਲੀ ਪੁਲੀਸ ਨੂੰ ਲਾਲ ਕਿਲੇ ’ਤੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ ਉਥੇ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਸਕਰੀਨਿੰਗ ਸਖਤ ਕਰਨ ਲਈ ਕਿਹਾ ਹੈ । ਸੂਤਰਾਂ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਪਹਿਲਾਂ ਖੂਫੀਆ ਏਜੰਸੀਆਂ ਨੇ ਨਵੀਂ ਦਿੱਲੀ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਡਰੋਨ ਦੀ ਵਰਤੋਂ ਕਰਕੇ ਪਾਕਿਸਤਾਨ ਰਾਹੀਂ ਵਿਸਫੋਟਕ ਤੇ ਹਥਿਆਰਾਂ ਦੀ ਤਸਕਰੀ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਜਾਣਕਾਰੀ ਪੰਜਾਬ ਵਿੱਚ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਅਤਿਵਾਦੀਆਂ ਤੋਂ ਪੁੱਛਗਿੱਛ ਦੌਰਾਨ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਦੇਸ਼ ਵਿੱਚ ਆਈਈਡੀਜ਼ ਤੇ ਏਕੇ-47 ਰਾਈਫਲਾਂ ਦੀ ਤਸਕਰੀ ਕੀਤੀ ਗਈ ਹੈ। ਇਹ ਚਿਤਾਵਨੀ ਦਿੱਲੀ ਪੁਲੀਸ ਨੇ ਅਸਲੇ ਦੀ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2,251 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਜੋ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸਪਲਾਈ ਕੀਤੇ ਜਾਣੇ ਸਨ। ਪੁਲੀਸ ਨੇ ਅਜੇ ਤੱਕ ਕਿਸੇ ਦਹਿਸ਼ਤੀ ਕੋਣ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾਈ ਵਸਤੂਆਂ ਨੂੰ ਰੱਖਣ ਲਈ ਲਗਪਗ 1,000 ਹਾਈ-ਸਪੈਸੀਫੀਕੇਸ਼ਨ ਕੈਮਰੇ ਵਰਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੈਮਰੇ ਸਿਟੀ ਪੁਲੀਸ ਦੀਆਂ ਉੱਤਰੀ, ਕੇਂਦਰੀ ਅਤੇ ਨਵੀਂ ਦਿੱਲੀ ਜ਼ਿਲ੍ਹਾ ਇਕਾਈਆਂ ਵੱਲੋਂ ਲਗਾਏ ਜਾਣਗੇ। ਇਸੇ ਦੌਰਾਨ ਰਾਜਧਾਨੀ ਵਿੱਚ ਚੱਪੇ-ਚੱਪੇ ’ਤੇ ਸੁਰੱਖਿਆ ਮੁਲਾਜ਼ਮ ਤੇ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਇਹ ਕੈਮਰੇ ਲਾਲ ਕਿਲੇ ਵੱਲ ਜਾਣ ਵਾਲੇ ਵੀਵੀਆਈਪੀ ਰੂਟ ਦੀ ਨਿਗਰਾਨੀ ਕਰਨ ਵਿੱਚ ਵੀ ਮਦਦ ਕਰਨਗੇ। ਖੂਫੀਆ ਏਜੰਸੀਆਂ ਨੇ ਦਿੱਲੀ ਪੁਲੀਸ ਨੂੰ ਲਾਲ ਕਿਲੇ ’ਤੇ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਸਕਰੀਨਿੰਗ ਸਖਤ ਕਰਨ ਲਈ ਕਿਹਾ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ। ਪੁਲੀਸ ਨੇ ਕਿਹਾ ਹੈ ਕਿ ਉਹ ਹਵਾਈ ਵਸਤੂਆਂ ਜਿਵੇਂ ਡਰੋਨ, ਪਤੰਗ ਤੇ ਗੁਬਾਰੇ ’ਤੇ ਵਿਸ਼ੇਸ਼ ਧਿਆਨ ਦੇਵੇਗੀ। ਪੁਲੀਸ ਨੇ 22 ਜੁਲਾਈ ਨੂੰ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਸੁਤੰਤਰਤਾ ਦਿਵਸ ਤੋਂ ਪਹਿਲਾਂ ਪੈਰਾਗਲਾਈਡਰ, ਹੈਂਡ ਗਲਾਈਡਰ ਤੇ ਗਰਮ ਹਵਾ ਦੇ ਗੁਬਾਰੇ ਵਰਗੀਆਂ ਹਵਾਈ ਵਸਤੂਆਂ ਨੂੰ ਉਡਾਉਣ ’ਤੇ ਪਾਬੰਦੀ ਲਗਾਈ ਗਈ ਸੀ। ਇਹ ਹੁਕਮ ਰਾਸ਼ਟਰੀ ਰਾਜਧਾਨੀ ਵਿੱਚ 16 ਅਗਸਤ ਤੱਕ ਲਾਗੂ ਰਹੇਗਾ। ਪਤੰਗ ਉਡਾਉਣ ਤੇ ਗੁਬਾਰਿਆਂ ਨੂੰ ਰੋਕਣ ਲਈ ਲਾਲ ਕਿਲ੍ਹੇ ਤੇ ਆਸ-ਪਾਸ ਦੇ ਖੇਤਰਾਂ ’ਤੇ 400 ਤੋਂ ਵੱਧ ਥਾਵਾਂ ’ਤੇ ਚੌਕਸੀ ਵਰਤੀ ਗਈ ਹੈ ਜਿੱਥੇ ਆਮ ਕਰਕੇ ਪਤੰਗਬਾਜ਼ ਸਰਗਰਮ ਰਹਿੰਦੇ ਹਨ।
ਫਰੀਦਾਬਾਦ ਵਿੱਚ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ
ਫਰੀਦਾਬਾਦ (ਪੱਤਰ ਪ੍ਰੇਰਕ): ਪੁਲੀਸ ਪ੍ਰਸ਼ਾਸਨ ਵੱਲੋਂ ਅੱਜ ਬੱਲਭਗੜ੍ਹ ਬੱਸ ਸਟੈਂਡ ਵਿੱਚ ਬੰਬ ਨਿਰੋਧਕ ਦਸਤੇ ਤੇ ਡੌਗ ਸਕੁਐਡ ਦੀ ਟੀਮ ਸਮੇਤ ਬੱਲਭਗੜ੍ਹ ਬੱਸ ਸਟੈਂਡ ਚੌਕੀ ਦੇ ਇੰਚਾਰਜ ਉਮੇਸ਼ ਕੁਮਾਰ ਨੇ ਚੈਕਿੰਗ ਕੀਤੀ। ਇਸ ਮੌੇਕੇ ਭਾਰੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਸੀ। ਇਸ ਦੌਰਾਨ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਗਈ। ਪੁਲੀਸ ਬੁਲਾਰੇ ਸੂਬਾ ਸਿੰਘ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੇ ਮੈਂਬਰਾਂ ਮੋਹਨ ਕੁਮਾਰ ਅਤੇ ਸੰਜੇ ਕੁਮਾਰ ਦੀ ਟੀਮ ਦੇ ਨਾਲ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਫ਼ਰੀਦਾਬਾਦ ਦੀਆਂ ਸਾਰੀਆਂ ਜਨਤਕ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ | ਬੰਬ ਨਿਰੋਧਕ ਦਸਤੇ 24 ਘੰਟੇ ਪੁਲੀਸ ਲਾਈਨਜ਼ ਵਿੱਚ ਤਾਇਨਾਤ ਰਹਿੰਦੇ ਹਨ। ਇਸ ਦੌਰਾਨ ਸ਼ਹਿਰ ਦੀਆਂ ਸੰਵੇਦਨਸ਼ੀਲ ਤੇ ਅਹਿਮ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਨਜਿੱਠਿਆ ਜਾ ਸਕੇ। ਡੀਸੀਪੀ ਹੈੱਡਕੁਆਰਟਰ ਨਿਤੀਸ਼ ਅਗਰਵਾਲ ਵੱਲੋਂ ਸ਼ਹਿਰ ਵਿੱਚ ਸੁਤੰਤਰਤਾ ਦਿਵਸ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਦਿੱਤੇ ਦਿਸ਼ਾ-ਨਿਰਦੇਸ਼ਾਂ ’ਤੇ ਐੱਨਸੀਆਰ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਸ਼ਹਿਰ ਵਿੱਚ ਸੁਰੱਖਿਆ ’ਤੇ ਨਜ਼ਰ ਰੱਖਦੇ ਹੋਏ ਫਰੀਦਾਬਾਦ ਪੁਲੀਸ ਦੇ ਸਾਰੇ ਸਟੇਸ਼ਨ ਮੈਨੇਜਰਾਂ ਨੇ ਸੁਰੱਖਿਆ ਦੇ ਨਜ਼ਰੀਏ ਤੋਂ ਇਲਾਕੇ ਦੇ ਲੋਕਾਂ, ਆਰਡਬਲਿਊਏ ਆਦਿ ਨੂੰ ਚੌਕਸ ਕਰ ਦਿੱਤਾ ਹੈ।ਇਸ ਦੌਰਾਨ ਹੁਕਮ ਦਿੱਤੇ ਗਏ ਹਨ ਕਿ ਖੇਤਰ ਦੇ ਕਿਰਾਏਦਾਰਾਂ, ਡਰਾਈਵਰਾਂ, ਸਹਾਇਕਾਂ, ਨੌਕਰਾਣੀਆਂ ਆਦਿ ਦੀ ਜਾਂਚ ਕੀਤੀ ਜਾਵੇ। ਲੋੋਕਾਂ ਨੂੰ ਸ਼ੱਕੀ ਵਿਅਕਤੀਆਂ ਬਾਰੇ ਪੁਲੀਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ।