ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਕਤੂਬਰ
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇਕ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਮਗਰੋਂ ਉਸ ਨਾਲ ਕੀਤੀ ਗਈ ਦਰਿੰਦਗੀ ਤੇ ਹੁਣ ਯੂਪੀ ਪੁਲੀਸ ਵੱਲੋਂ ਮ੍ਰਿਤਕ ਲੜਕੀ ਦਾ ਸਸਕਾਰ ਪਰਿਵਾਰ ਦੀ ਮਰਜ਼ੀ ਵਿਰੁੱਧ ਰਾਤ ਸਮੇਂ ਕਰਨ ਦੇ ਵਿਰੋਧ ਵਿੱਚ ਦਿੱਲੀ ਐਨਸੀਆਰ ਵਿੱਚ ਮੁਜ਼ਾਹਰੇ, ਧਰਨੇ ਤੇ ਮੋਮਬੱਤੀ ਮਾਰਚ ਕੱਢੇ ਗਏ।
ਕ੍ਰਾਂਤੀਕਾਰੀ ਯੁਵਾ ਸੰਗਠਨ ਵੱਲੋਂ ਦਿੱਲੀ ਯੂਨੀਵਰਸਿਟੀ ਵਿੱਚ ਉਕਤ ਕਾਂਡ ਖ਼ਿਲਾਫ਼ ਰੋਸ ਜ਼ਾਹਰ ਕਰ ਕੇ ਯੋਗੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਪੁਲੀਸ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਮੌਰਿਸ ਨਗਰ ਥਾਣੇ ਲਿਜਾਇਆ ਗਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੋਗੀ ਸਰਕਾਰ ਅਧੀਨ ਪ੍ਰਸ਼ਾਸਨ ਤੇ ਪੁਲੀਸ ਵੱਲੋਂ ਆਪਣਾ ਘਿਨੋਣਾ ਚਿਹਰਾ ਜ਼ਾਹਰ ਕੀਤਾ ਗਿਆ ਹੈ। ਇਸ ਰਾਜ ਵਿੱਚ ਔਰਤਾਂ ਤੇ ਪੱਛੜੇ ਵਰਗਾਂ ਵਿੱਚ ਅਸੁਰੱਖਿਆ ਦੀ ਭਾਵਨਾ ਸਿਖ਼ਰ ‘ਤੇ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ 2019 ਦੀ ਰਿਪੋਰਟ ਮੁਤਾਬਕ 2018-19 ਦਰਮਿਆਨ ਯੂਪੀ ਵਿੱਚ ਬੱਚਿਆਂ, ਔਰਤਾਂ ਤੇ ਹੋਰ ਦੱਬੇ ਵਰਗਾਂ ਖ਼ਿਲਾਫ਼ ਅਪਰਾਧ ਵਧੇ ਹਨ। ਇਸੇ ਦੌਰਾਨ ਦਿੱਲੀ ਕਾਂਗਰਸ ਵੱਲੋਂ ਇੰਡੀਆ ਗੇਟ ਨੇੜੇ ਮੋਮਬੱਤੀਆਂ ਜਗਾ ਕੇ ਮ੍ਰਿਤਕਾ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਕੇਂਦਰ ਸਰਕਾਰ ਸਮੇਤ ਉੱਤਰ ਪ੍ਰਦੇਸ਼ ਸਰਕਾਰ ਦੀ ਖ਼ਿਲਾਫ਼ਤ ਕਰਕੇ ਮ੍ਰਿਤਕ ਲਈ ਨਿਆਂ ਦੀ ਮੰਗ ਕੀਤੀ ਗਈ। ਸੂਬਾ ਪ੍ਰਧਾਨ ਅਨਿਲ ਚੌਧਰੀ ਸਮੇਤ ਹੋਰ ਆਗੂਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਇਸੇ ਦੌਰਾਨ ਫਰੀਦਾਬਾਦ ਵਿੱਚ ਕਾਂਗਰਸੀਆਂ ਵੱਲੋਂ ਕੁਮਾਰੀ ਸੈਲਜਾ ਦੇ ਸੱਦੇ ਉਪਰ ਜ਼ਿਲ੍ਹਾ ਹੈੱਡਕੁਆਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਕੇ ਚੌਕ ਵਿੱਚ ਦਲਿਤ ਸੰਸਥਾਵਾਂ ਵੱਲੋਂ ਭਾਰੀ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਗਏ। ਅੰਬੇਡਕਰ ਚੌਕ ਵਿੱਚ ਦਲਿਤ ਭਾਈਚਾਰੇ ਤੇ ਕਾਂਗਰਸ ਦੇ ਦਲਿਤ ਵਿੰਗ ਵੱਲੋਂ ਦੇਰ ਸ਼ਾਮ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਗੁਰੂਗ੍ਰਾਮ ਤੋਂ ਵੀ ਰੋਸ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਹਨ।