ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਦਸੰਬਰ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਤੋਂ ਆਈਆਂ ਬੀਬੀਆਂ ਨੇ ਅੱਜ ਸਿਰ ’ਤੇ ਹਰੀਆਂ ਪੱਗਾਂ ਬੰਨ੍ਹ ਕੇ ਸਿੰਘੂ ਧਰਨੇ ’ਚ ਸ਼ਿਰਕਤ ਕੀਤੀ। ਉਨ੍ਹਾਂ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਘਰਾਂ ’ਚ ਆਰਾਮ ਦੀ ਜ਼ਿੰਦਗੀ ਜਿਉਂ ਰਹੇ ਹੋਰਨਾਂ ਲੋਕਾਂ ਨੂੰ ਵੀ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਉਨ੍ਹਾਂ ਬਚਪਨ ਤੋਂ ਕਿਸਾਨਾਂ ਦੇ ਸੰਘਰਸ਼ ਦੇਖੇ ਹਨ। ਉਨ੍ਹਾਂ ਹੋਰ ਕਿਸਾਨ ਪਰਿਵਾਰਾਂ ਨੂੰ ਸੱਦਾ ਦਿੱਤਾ ਕਿ ਸੰਘਰਸ਼ ਦੀ ਇਸ ਘੜੀ ’ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ ਜਾਵੇ। ਉਨ੍ਹਾਂ ਔਰਤਾਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਪੁਰਸ਼ ਮੈਂਬਰਾਂ- ਦਾਦਿਆਂ, ਭਰਾਵਾਂ, ਪਤੀਆਂ ਤੇ ਬੱਚਿਆਂ ਨਾਲ ਧਰਨਿਆਂ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਕਿਸਾਨ ਘਰਾਂ ਦੇ ਸਮਾਗਮ ਤੇ ਹੋਰ ਖੁ਼ਸ਼ੀਆਂ ਗ਼ਮੀਆਂ ਛੱਡ ਕੇ ਸਿਰਫ਼ ਕਿਸਾਨੀ ਨੂੰ ਬਚਾਉਣ ਖ਼ਾਤਿਰ ਕਹਿਰ ਦੀ ਇਸ ਠੰਢ ਵਿੱਚ ਡਟੇ ਹੋਏ ਹਨ। ਉਹ ਆਪਣੀ ਜੇਠਾਣੀ ਕਿਰਨ ਕੌਰ ਵਿਰਕ ਤੇ ਨਨਾਣ ਸ੍ਰੀਮਤੀ ਰਾਣਾ ਭੱਟੀ ਨਾਲ ਇੱਥੇ ਪਹੁੰਚੀ। ਉਨ੍ਹਾਂ ਗੁਰੂ ਨਾਨਕ ਵੱਲੋਂ ਆਪਣੇ ਹੱਥੀਂ ਖੇਤੀ ਕਰਨ ਦੇ ਸੰਕਲਪ ਨੂੰ ਬਿਆਨਿਆ ਤੇ ਹਰੀਆਂ ਪੱਗਾਂ ਰਾਹੀਂ ਦਸਤਾਰ ਦੀ ਅਹਿਮੀਅਤ ਵੀ ਦਰਸਾਈ। ਸ੍ਰੀਮਤੀ ਰਾਣਾ ਭੱਟੀ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਰੰਗ ਲਿਆਏਗਾ।