ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਦਿੱਲੀ ਦੇ ਲੋਕਾਂ ਨੂੰ ਹਰਿਆਣਾ ਵੱਲੋਂ ਜੋ ਸਹਿਮਤੀ ਦਿੱਤੀ ਗਈ ਸੀ, ਉਸ ਤੋਂ ਵੱਧ ਪਾਣੀ ਦਿੱਲੀ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਪਰ ਦਿੱਲੀ ਵਿੱਚ ਜ਼ਮੀਨੀ ਨੁਕਸਾਨ ਤੇ ਲੀਕੇਜ ਕਾਰਨ ਦਿੱਲੀ ਵਿੱਚ ਪਾਣੀ ਦੀ ਘਾਟ ਹੈ। ਦਿੱਲੀ ਜਲ ਬੋਰਡ ਇਸ ਘਾਟੇ ਦਾ ਕੋਈ ਹੱਲ ਨਹੀਂ ਲੱਭ ਸਕਿਆ। ਇਸ ਕਾਰਨ ਦਿੱਲੀ ਵਾਸੀਆਂ ਨੂੰ ਇਸ ਗਰਮੀ ਵਿੱਚ ਵੀ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਗੁਪਤਾ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਾਸੀਆਂ ਦੇ ਹਿੱਤ ਵਿੱਚ ਉਨ੍ਹਾਂ ਦੇ ਹੱਕ ਤੋਂ ਵੱਧ ਪਾਣੀ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਉਹ ਪੂਰਾ ਕਰ ਰਹੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਦਿੱਲੀ ਨੂੰ ਰੋਜ਼ਾਨਾ 1054 ਕਿਊਸਿਕ ਪਾਣੀ ਮਿਲਣਾ ਚਾਹੀਦਾ ਹੈ ਜਿਸ ਵਿੱਚੋਂ 100 ਕਿਊਸਿਕ ਵਾਧੂ ਪਾਣੀ ਹਰਿਆਣਾ ਸਰਕਾਰ ਵੱਲੋਂ ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਦੂਰ ਕਰਨ ਤੇ ਲੋਕਾਂ ਨੂੰ ਰਾਹਤ ਦੇਣ ਲਈ ਦਿੱਤਾ ਜਾ ਰਿਹਾ ਹੈ। ਦਿੱਲੀ ਨੂੰ ਜੋ ਪਾਣੀ ਮਿਲਦਾ ਹੈ, ਉਹ ਭਾਖੜਾ ਡੈਮ ਤੋਂ 371 ਕਿਊਸਿਕ, ਨੰਗਲ ਡੈਮ ਤੋਂ 125 ਕਿਊਸਿਕ ਤੇ ਯਮੁਨਾ ਤਾਜੇਵਾਲਾ ਤੋਂ 330 ਕਿਊਸਿਕ ਪਾਣੀ ਹੈ, ਯਾਨੀ ਕੁੱਲ 826 ਕਿਊਸਿਕ ਪਾਣੀ। ਇਸ ਵਿਚ 13 ਫ਼ੀਸਦੀ (ਜ਼ਮੀਨੀ ਨੁਕਸਾਨ) ਹੋਣ ਕਾਰਨ 719 ਕਿਊਸਿਕ ਪਾਣੀ ਦਿੱਲੀ ਨੂੰ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਰਿਆਣਾ ਵੀ ਦਿੱਲੀ ਨੂੰ 330 ਕਿਊਸਿਕ ਪਾਣੀ ਦਿੰਦਾ ਹੈ। ਹਰਿਆਣਾ ਜੋ ਪਾਣੀ ਦਿੱਲੀ ਨੂੰ ਭਾਖੜਾ ਡੈਮ ਤੋਂ ਦਿੰਦਾ ਹੈ, ਉਹ ਅਸਲ ਵਿਚ ਪੰਜਾਬ ਨੂੰ ਹੀ ਮਿਲਦਾ ਹੈ।