ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਗੁਰਦੁਆਰਾ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਰਾਜੌਰੀ ਗਾਰਡਨ ਦੀਆਂ ਚੋਣਾਂ ਵਿੱਚ ਸੰਗਤ ਨੇ ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਆਪਣਾ ਪੂਰਨ ਸਹਿਯੋਗ ਦਿੰਦੇ ਹੋਏ ਇੱਕ ਵਾਰ ਫਿਰ ਜਿਤਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7000 ਵਿੱਚੋਂ ਕੁੱਲ 3726 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ ਹਰਮਨਜੀਤ ਸਿੰਘ ਨੂੰ 2056 ਵੋਟਾਂ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਇੰਦਰਪ੍ਰੀਤ ਸਿੰਘ ਕੋਛੜ ਨੂੰ 1578 ਵੋਟਾਂ ਮਿਲੀਆਂ। ਆਪਣੀ ਜਿੱਤ ’ਤੇ ਹਰਮਨਜੀਤ ਸਿੰਘ ਨੇ ਕਿਹਾ, ‘‘ਇਹ ਜਿੱਤ ਮੇਰੀ ਨਹੀਂ, ਸਗੋਂ ਸੰਗਤਾਂ ਦੇ ਵਿਸ਼ਵਾਸ ਦੀ ਜਿੱਤ ਹੈ ਅਤੇ ਇਸ ਨਾਲ ਸਾਡੀ ਜ਼ਿੰਮੇਵਾਰੀ ਹੋਰ ਵਧ ਗਈ ਹੈ, ਹੁਣ ਅਸੀਂ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਕੇ ਸੰਗਤਾਂ ਦੀ ਸੇਵਾ ਕਰਾਂਗੇ।’’ ਇਸ ਦੌਰਾਨ ਹਰਮਨਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸੰਯੁਕਤ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਬੰਨੀ ਜੌਲੀ ਤੇ ਰਾਮਗੜ੍ਹੀਆ ਆਗੂ ਜਗਜੀਤ ਸਿੰਘ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਸਾਬਕਾ ਪੁਲੀਸ ਅਧਿਕਾਰੀ ਅਮਰਜੀਤ ਸਿੰਘ ਬਾਜਵਾ ਨੇ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਲਾਇਆ ਜ਼ੋਰ ਵੀ ਬੇਕਾਰ ਗਿਆ। ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਹਰਮਨਜੀਤ ਸਿੰਘ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ|
ਸੰਗਤ ਨੇ ਵਿਰੋਧੀਆਂ ਦੇ ਕੂੜ ਪ੍ਰਚਾਰ ਨੂੰ ਨਕਾਰਿਆ: ਬੰਨੀ ਜੌਲੀ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਕਿਹਾ ਕਿ ਗੁਰਦਆਰਾ ਰਾਜੌਰੀ ਗਾਰਡਨ ਵਿਖੇ ਹੋਈਆਂ ਚੋਣਾਂ ‘ਚ ਸੰਗਤ ਨੇ ਕੁੜ ਪ੍ਰਚਾਰ ਨੂੰ ਨਕਾਰਦਿਆਂ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਹਰਮਨਜੀਤ ਸਿੰਘ ਵਰਗੇ ਸਾਫ਼ ਸੁਥਰੇ ਅਤੇ ਸੰਗਤ ਦੀ ਸੇਵਾ ਕਰਨ ਵਾਲੇ ਨੂੰ ਮੁੜ ਕਮੇਟੀ ਪ੍ਰਧਾਨ ਚੁਣਿਆ ਹੈ। ਬੰਨੀ ਜੌਲੀ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਲੋਕਾਂ ਲਈ ਸੰਦੇਸ਼ ਹੈ, ਜਿਨ੍ਹਾਂ ਨੇ ਪੂਰੀ ਚੋਣ ਮੁਹਿੰਮ ਦੌਰਾਨ ਕੁੜ ਤੇ ਝੂਠਾ ਪ੍ਰਚਾਰ ਕੀਤਾ ਅਤੇ ਸੰਗਤ ਨੂੰ ਗੁਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।