ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਦਸੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ, ‘ਹਰਿਭਜਨ ਸਿੰਘ ਸ਼ਤਾਬਦੀ ਸੈਮੀਨਾਰ’ ਅੱਜ ਸਮਾਪਤ ਹੋ ਗਿਆ। ਸੈਮੀਨਾਰ ਦੇ ਦੂਜੇ ਦਿਨ ਹਰਿਭਜਨ ਸਿੰਘ ਦੀਆਂ ਰਚਨਾਵਾਂ, ਸਮੀਖਿਆਵਾਂ, ਅਧਿਆਪਨ, ਖੋਜ, ਸੰਪਾਦਨ, ਅਨੁਵਾਦ ਕਾਰਜ ਤੇ ਜੀਵਨ ਨੂੰ ਲੈ ਕੇ ਵੱਖ-ਵੱਖ ਵਿਦਵਾਨਾਂ ਨੇ ਚਰਚਾ ਕੀਤੀ। ਡਾ. ਬਲਜਿੰਦਰ ਸਿੰਘ ਨਸਰਾਲੀ ਨੇ ਕਿਹਾ ਕਿ ਹਰਿਭਜਨ ਸਿੰਘ ਇਤਿਹਾਸ ਦਾ ਹਿੱਸਾ ਬਣ ਚੁੱਕੇ ਹਨ। ਡਾ. ਪਰਮਜੀਤ ਸਿੰਘ ਢੀਂਗਰਾ ਨੇ ਉਨ੍ਹਾਂ ਦੀ ਅਨੁਵਾਦ ਕਲਾ ਬਾਰੇ ਸਮਝ, ਸਰੋਤ ਭਾਸ਼ਾ ਅਤੇ ਮੂਲ ਭਾਸ਼ਾ ਨੇ ਉਨ੍ਹਾਂ ਦੀਆਂ ਰਚਨਾਵਾਂ ਵਿਚਲੇ ਲੋਕ ਮੁਹਾਵਰੇ ਬਾਰੇ ਗੱਲ ਕੀਤੀ। ਡਾ. ਰਜਨੀ ਬਾਲਾ ਨੇ ਉਨ੍ਹਾਂ ਦੀ ਸੰਪਾਦਨ ਕਲਾ ਬਾਰੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਡਾ. ਬੂਟਾ ਬਰਾੜ ਨੇ ਹਰਿਭਜਨ ਸਿੰਘ ਦੀ ਭਾਸ਼ਾ ਅਤੇ ਭਾਸ਼ਾ ਸ਼ੈਲੀ ਬਾਰੇ ਖੋਜ ਪੱਤਰ ਪੜ੍ਹਿਆ। ਹਰਿਭਜਨ ਸਿੰਘ ਦੀ ਸਾਹਿਤ ਦੇ ਰੂਪ ਤੇ ਸਿਧਾਂਤ ਦੀ ਚੇਤਨਾ ਬਾਰੇ ਡਾ. ਜਸਵਿੰਦਰ ਸੈਣੀ ਨੇ ਗੱਲਬਾਤ ਕੀਤੀ। ‘ਯਾਦਾਂ ਹਰਿਭਜਨ ਸਿੰਘ ਦੀਆਂ’ ਵਾਲੇ ਸੈਸ਼ਨ ਵਿੱਚ ਡਾ. ਰਵੇਲ ਸਿੰਘ, ਡਾ. ਮਨਜੀਤ ਸਿੰਘ, ਮੋਹਨਜੀਤ, ਡਾ. ਕੇ.ਪੀ. ਸਿੰਘ ਸ਼ਾਮਲ ਸਨ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਨਛੱਤਰ ਸਿੰਘ ਨੇ ਕੀਤਾ। ਈਸ਼ਵਰ ਦਿਆਲ ਗੌੜ ਨੇ ਵਿਦਾਇਗੀ ਭਾਸ਼ਣ ਵਿੱਚ ਕਿਹਾ ਕਿ ਹਰਿਭਜਨ ਸਿੰਘ ਸਪਤ ਸਿੰਧੂ ਦਾ ਵਹਿਣ ਹੈ ਤੇ ਪੰਚਨਦ ਦਾ ਸੰਗਮ ਹੈ। ਡਾ. ਵਿਕਾਸ ਗੁਪਤਾ, ਗੁਰਭੇਜ ਸਿੰਘ, ਪ੍ਰੋ. ਜਗਬੀਰ ਸਿੰਘ ਨੇ ਹਰਿਭਜਨ ਸਿੰਘ ਬਾਰੇ ਗੱਲ ਕੀਤੀ।
ਪ੍ਰੋ. ਰਵੀ ਰਵਿੰਦਰ ਵੱਲੋਂ ਸੰਪਾਦਤ ਕਿਤਾਬ ‘ਗ਼ਦਰ ਲਹਿਰ ਦਾ ਪੰਜਾਬੀ ਸਾਹਿਤ’ ਰਿਲੀਜ਼ ਕੀਤੀ ਗਈ।