ਮਨਧੀਰ ਦਿਓਲ
ਨਵੀਂ ਦਿੱਲੀ, 13 ਮਾਰਚ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੂਰਬੀ ਦਿੱਲੀ ਦੇ ਬਾਹੂਬਲੀ ਐਨਕਲੇਵ ਦੇ ਵਸਨੀਕ ਮਰਹੂਮ ਰਾਕੇਸ਼ ਜੈਨ ਦੇ ਪਰਿਵਾਰ ਨੂੰ ਮਿਲਣ ਲਈ 1 ਕਰੋੜ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਕਿਹਾ ਕਿ ਰਾਕੇਸ਼ ਜੈਨ ਹਿੰਦੂ ਰਾਓ ਹਸਪਤਾਲ ਵਿੱਚ ਲੈਬ ਟੈਕਨੀਸ਼ੀਅਨ ਸਨ। ਉਹ ਆਖਰੀ ਸਮੇਂ ਤੱਕ ਲੋਕਾਂ ਦੀ ਸੇਵਾ ਕਰਦਾ ਰਿਹਾ। ਉਨ੍ਹਾਂ ਕਿਹਾ, ‘‘ਕਿਸੇ ਦੀ ਜਾਨ ’ਤੇ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਪਰ ਮੈਨੂੰ ਲਗਦਾ ਹੈ ਕਿ ਇਹ ਰਕਮ ਉਸਦੇ ਪਰਿਵਾਰ ਨੂੰ ਥੋੜੀ ਮਦਦ ਕਰੇਗੀ, ਉਸਦਾ ਵੱਡਾ ਪੁੱਤਰ ਗ੍ਰੈਜੂਏਸ਼ਨ ਪੂਰਾ ਕਰ ਚੁੱਕਾ ਹੈ ਅਤੇ ਨੌਕਰੀ ਲੱਭ ਰਿਹਾ ਹੈ। ਦਿੱਲੀ ਸਰਕਾਰ ਉਨ੍ਹਾਂ ਨੂੰ ਨੌਕਰੀ ਵੀ ਦੇਵੇਗੀ। ਜਦੋਂ ਵੀ ਉਸਦੇ ਪਰਿਵਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਅਸੀਂ ਮਦਦ ਲਈ ਤਿਆਰ ਹਾਂ। ਮੈਂ ਉਸਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਸਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਨੀ, ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਸਹਾਇਤਾ ਕਰੇਗੀ’’
ਮੁੱਖ ਮੰਤਰੀ ਨੇ ਅੱਜ ਸਵੇਰੇ ਪੂਰਬੀ ਦਿੱਲੀ ਦੇ ਬਾਹੂਬਲੀ ਐਨਕਲੇਵ ਵਿੱਚ ਰਹਿਣ ਵਾਲੇ ਇੱਕ ਕਰੋਨਾ ਯੋਧਾ ਮਰਹੂਮ ਰਾਕੇਸ਼ ਜੈਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਦਿੱਲੀ ਸਰਕਾਰ ਦੀ ਤਰਫੋਂ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਦੌਰਾਨ ਦੱਸਿਆ ਕਿ ਮਰਹੂਮ ਰਾਕੇਸ਼ ਜੈਨ ਹਿੰਦੂ ਰਾਓ ਹਸਪਤਾਲ ਵਿੱਚ ਲੈਬ ਟੈਕਨੀਸ਼ੀਅਨ ਸੀ। ਕਰੋਨਾ ਕਾਰਨ ਉਸਦੀ ਸਿਹਤ ਖ਼ਰਾਬ ਹੋਣ ’ਤੇ ਉਸਨੂੰ ਮੈਟਰੋ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਮਰਹੂਮ ਰਾਕੇਸ਼ ਜੈਨ ਨੇ ਅੰਤ ਤੱਕ ਲੈਬ ਟੈਕਨੀਸ਼ੀਅਨ ਵਜੋਂ ਸੇਵਾ ਨਿਭਾਈ। ਰਾਕੇਸ਼ ਜੈਨ ਨੂੰ 17 ਜੂਨ 2020 ਨੂੰ ਪ੍ਰੀਤ ਵਿਹਾਰ ਦੇ ਮੈਟਰੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ 18 ਜੂਨ 2020 ਨੂੰ ਉਸਦੀ ਮੌਤ ਹੋ ਗਈ ਸੀ। ਮਰਹੂਮ ਰਾਕੇਸ਼ ਜੈਨ ਅਸਲ ਵਿੱਚ ਦਿੱਲੀ ਦਾ ਵਸਨੀਕ ਸੀ ਤੇ 1988 ਵਿੱਚ ਸੇਵਾ ਵਿੱਚ ਸ਼ਾਮਲ ਹੋਇਆ ਸੀ।