ਨਵੀਂ ਦਿੱਲੀ: ਇੱਥੋਂ ਦੇ ਦਵਾਰਕਾ ਵਿੱਚ ਹੱਜ ਘਰ ਦੇ ਨਿਰਮਾਣ ਦੇ ਵਿਰੋਧ ਦੇ ਸਬੰਧ ਵਿੱਚ ਦਿੱਲੀ ਪੁਲੀਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲੀਸ ਵੱਲੋਂ ਜਾਰੀ ਬਿਆਨ ਦੇ ਅਨੁਸਾਰ,ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਨਾਲ ਸਬੰਧਤ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਐਕਟ ਦੀ ਉਲੰਘਣਾ ਲਈ ਐਫਆਈਆਰ ਦਰਜ ਕੀਤੀ ਗਈ। ਖੇਤਰ ਵਿੱਚ ਪ੍ਰਸਤਾਵਿਤ ਹੱਜ ਘਰ ਦੇ ਨਿਰਮਾਣ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਦਵਾਰਕਾ ਦੇ ਸੈਕਟਰ 22 ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਦਿੱਲੀ ਦੇ ਪਹਿਲੇ ਹੱਜ ਘਰ ਦੇ ਨਿਰਮਾਣ ਦੇ ਵਿਰੋਧ ਵਿੱਚ ਹਿੰਦੂਤਵੀ ਸੰਗਠਨਾਂ ਵੱਲੋਂ ਦਿੱਤੇ ਗਏ ‘ਮਹਾਪੰਚਾਇਤ’ ਦੇ ਸੱਦੇ ਦੇ ਜਵਾਬ ਵਿੱਚ ਸ਼ੁੱਕਰਵਾਰ ਨੂੰ ਦਵਾਰਕਾ ਦੇ ਭਰਥਲ ਚੌਕ ਵਿੱਚ 1000 ਤੋਂ ਵੱਧ ਲੋਕ ਇਕੱਠੇ ਹੋਏ। ਦਵਾਰਕਾ ਦੇ ਸੈਕਟਰ 22 ਵਿੱਚ ਸਥਿਤ ਹੱਜ ਘਰ ਵਿੱਚ ਰਾਸ਼ਟਰੀ ਰਾਜਧਾਨੀ ਤੋਂ ਆਪਣੀ ਯਾਤਰਾ ’ਤੇ ਆਉਣ ਵਾਲੇ ਹੱਜ ਯਾਤਰੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਹੋਣਗੀਆਂ।ਦਿੱਲੀ ਸ਼ਰਧਾਲੂਆਂ ਲਈ ਦੇਸ਼ ਦਾ ਸਭ ਤੋਂ ਵੱਡਾ ਰਵਾਨਗੀ ਸਥਾਨ ਹੈ, ਉਨ੍ਹਾਂ ਵਿੱਚੋਂ ਲਗਪਗ 20,000 ਹਰ ਸਾਲ ਇੱਥੋਂ ਤੀਰਥ ਯਾਤਰਾ ’ਤੇ ਜਾਂਦੇ ਹਨ। ਪ੍ਰਾਜੈਕਟ ਨਵਾਂ ਨਹੀਂ ਹੈ। 2008 ਵਿੱਚ ਕਾਂਗਰਸ ਪਾਰਟੀ ਦਿੱਲੀ ਦੀ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਹੱਜ ਘਰ ਦਾ ਨੀਂਹ ਪੱਥਰ ਰੱਖਿਆ ਸੀ। ਇੱਕ ਦਹਾਕੇ ਬਾਅਦ 2018 ਵਿੱਚ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ ਆਖਰਕਾਰ ਇਸ ਪ੍ਰਾਜੈਕਟ ਲਈ 94 ਕਰੋੜ ਰੁਪਏ ਅਲਾਟ ਕੀਤੇ ਸਨ। -ਪੱਤਰ ਪ੍ਰੇਰਕ