ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਦਸੰਬਰ
ਦਿੱਲੀ ਸਰਕਾਰ ਵੱਲੋਂ ਸਿੰਘੂ ਬਾਰਡਰ ’ਤੇ ਸੋਨੀਪਤ ਤੋਂ ਦਿੱਲੀ ਜਾਂਦੇ ਮਾਰਗ ਉੱਪਰ ਸਿੰਘੂ (ਕੁੰਡਲੀ) ਬਾਰਡਰ ਕੋਲ ਬਣਾਇਆ ਗੁਰੂ ਤੇਗ ਬਹਾਦਰ ਸਮਾਰਕ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਹੋ ਗਿਆ ਹੈ। ਇਸ ਦੇ ਗੇਟ ਜੰਗਾਲੇ ਗਏ ਹਨ। ਦਿੱਲੀ ਦੀ ਤਤਕਾਲੀ ਸ਼ੀਲਾ ਦੀਕਸ਼ਤ ਵਾਲੀ ਸਰਕਾਰ ਵੇਲੇ ਇਹ ਸਮਾਰਕ ਬਣਾਇਆ ਗਿਆ ਸੀ। ਇਸ ਦਾ ਉਦਘਾਟਨ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕੀਤਾ ਸੀ। ਇਸ ਨੂੰ ਕਾਇਮ ਕਰਨ ਵਿੱਚ ਤਤਕਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਾਬਜ਼ ਰਹੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂਆਂ ਸਰਨਾ ਭਰਾਵਾਂ ਦੀ ਅਹਿਮ ਭੂਮਿਕਾ ਸੀ। ਹੁਣ ਇਸ ਸਮਾਰਕ ਵੱਲ ਸਰਕਾਰੀ ਨਜ਼ਰ ਸਵੱਲੀ ਨਹੀਂ ਰਹੀ ਤੇ ਅਣਦੇਖੀ ਦਾ ਸ਼ਿਕਾਰ ਹੋ ਗਿਆ ਹੈ। ਇਸ ਸਮਾਰਕ ਦੇ ਆਲੇ-ਦੁਆਲੇ ਲੋਹੇ ਦੀ ਗ੍ਰਿੱਲ ਨਾਲ ਕੀਤੀ ਗਈ ਵਾੜ ਹੁਣ ਜੰਗਾਲੀ ਗਈ ਹੈ ਇਸ ਦਾ ਗੇਟ ਵੀ ਜੰਗ ਨੇ ਖਾ ਲਿਆ ਹੈ। ਕਈ ਸਾਲਾਂ ਤੋਂ ਜੰਗਲੇ ਨੂੰ ਰੰਗ ਰੋਗਨ ਨਹੀਂ ਕੀਤਾ ਗਿਆ ਇਸ ਕਰ ਕੇ ਇਹ ਬਦਰੰਗ ਹੋ ਚੁੱਕਾ ਹੈ। ਹਾਲਾਂਕਿ ਸਮਾਰਕ ਵਿੱਚ ਹਰਿਆਲੀ ਕਾਇਮ ਰੱਖਣ ਦੀ ਪੂਰੀ ਵਾਹ ਲਾਈ ਗਈ ਹੈ। ਇੱਥੇ ਸੈਲਾਨੀਆਂ ਦੀ ਭੀੜ ਨਹੀਂ ਹੁੰਦੀ ਤੇ ਸਰਕਾਰੀ ਜਾਂ ਗ਼ੈਰ-ਸਰਕਾਰੀ ਪੱਧਰ ਉੱਤੇ ਸਮਾਰਕ ਨੂੰ ਆਮ ਲੋਕਾਂ ਵਿੱਚ ਪ੍ਰਸਿੱਧ ਕਰਨ ਦੀ ਕੋਸ਼ਿਸ਼ ਵੀ ਬਹੁਤੀ ਨਹੀਂ ਹੋਈ। ਪੰਜਾਬ ਜਾਂ ਉੱਤਰੀ ਪੱਛਮੀ ਇਲਾਕਿਆਂ ਤੋਂ ਦਿੱਲੀ ਜਾਣ ਵਾਲੇ ਰਾਹਗੀਰ ਇੱਥੇ ਕਦੇ ਕਦਾਈਂ ਹੀ ਰੁਕਦੇ ਹਨ। ਦਿੱਲੀ ਤੋਂ ਇੱਥੇ ਆਉਣ ਵਾਲਿਆਂ ਦੀ ਗਿਣਤੀ ਵੀ ਘੱਟ ਹੈ।