ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਪਰੈਲ
ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿੱਚ ਸਥਿਤ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿੱਚ ਅੱਜ ਅਤਿ-ਆਧੁਨਿਕ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਬਦੌਲਤ ਹੁਣ ਸੰਗਤ ਨੂੰ ਬਾਜ਼ਾਰ ਨਾਲੋਂ 50 ਫੀਸਦ ਤੋਂ ਵੀ ਘੱਟ ਕੀਮਤ ’ਤੇ ਟੈਸਟ ਦੀ ਸਹੂਲਤ ਮਿਲ ਸਕੇਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਵਿਚ ਮੈਮੋਗਰਾਫੀ ਦੀ ਮਸ਼ੀਨ, ਹਾਰਮੋਨ ਐਨਾਲਾਈਜ਼ਰ ਮਸ਼ੀਨ, ਬਾਇਓਕੈਮਿਸਟਰੀ ਐਨਾਲਾਈਜ਼ਰ ਮਸ਼ੀਨਾਂ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਥੇ ਈਸੀਜੀ ਦੀ ਮਸ਼ੀਨ ਪਹਿਲਾਂ ਲੱਗੀ ਸੀ ਤੇ ਹੁਣ ਈਈਜੀ ਵਾਸਤੇ ਵੀ ਮਸ਼ੀਨ ਲੱਗ ਗਈ ਹੈ। ਹੁਣ ਆਈਆਂ ਮਸ਼ੀਨਾਂ ਟੀ ਸੀਰੀਜ਼ ਕੰਪਨੀ ਵੱਲੋਂ ਦਿੱਤੀਆਂ ਗਈਆਂ ਹਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਲੈਬ ਵਿੱਚ ਸਹੂਲਤਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ। ਤੇ ਸੰਗਤ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬਾਜ਼ਾਰ ਵਿੱਚ ਜਿਹੜੇ ਟੈਸਟ ਬਹੁਤ ਮਹਿੰਗੇ ਹੁੰਦੇ ਹਨ, ਉਹ ਇੱਥੇ ਬਹੁਤ ਸਸਤੇ ਰੇਟਾਂ ’ਤੇ ਸੰਗਤਾਂ ਲਈ ਕੀਤੇ ਜਾਣਗੇ। ਇਥੇ ਬਾਲਾ ਪ੍ਰੀਤਮ ਦਵਾਖਾਨੇ ਤੇ ਹੋਰ ਸਹੂਲਤਾਂ ਵੀ ਸੰਗਤਾਂ ਵਾਸਤੇ ਆਰੰਭੀਆਂ ਗਈਆਂ ਹਨ।
ਇਨ੍ਹਾਂ ਸਹੂਲਤਾਂ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਾਇਜ਼ਾ ਲਿਆ ਤੇ ਸੰਗਤਾਂ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।