ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਵਾਰ ਕਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਕਮੇਟੀ ਨੇ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਸਨ ਤਾਂ ਜੋ ਸੰਗਤਾਂ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰ ਸਕਣ। ਮੁੱਖ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਚ ਹੋਇਆ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ, ਜਿਸਨੂੰ ਸਾਰੀ ਦੁਨੀਆ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਸਿਰਫ ਸਿੱਖ ਹੀ ਨਹੀਂ ਬਲਕਿ ਵੱਖ ਵੱਖ ਧਰਮਾਂ ਦੇ ਲੋਕ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਹੀ ਦਿੱਲੀ ਗੁਰਦੁਆਰਾ ਕਮੇਟੀ ਨੇ ਕਰੋਨਾ ਮਹਾਮਾਰੀ ਵੇਲੇ ਲੋੜਵੰਦਾਂ ਵਾਸਤੇ ਲੰਗਰਾਂ ਦਾ ਪ੍ਰਬੰਧ ਕੀਤਾ ਤੇ ਹੁਣ ਦਿੱਲੀ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਹੈ। ਇਸ ਮੌਕੇ ਸ੍ਰੀ ਸਿਰਸਾ ਨੇ ਸੰਗਤਾਂ ਨੂੰ ਇਹ ਵੀ ਦੱਸਿਆ ਕਿ ਕਮੇਟੀ ਨੇ ਅੱਜ ਤੋਂ ਇਕ ਗੋਲਡਨ ਐਪ ਲਾਂਚ ਕੀਤੀ ਹੈ, ਜਿਸਨੂੰ ਆਪਣੇ ਮੋਬਾਈਲਾਂ ਵਿਚ ਡਾਊਨਲੋਡ ਕਰ ਕੇ ਬਜ਼ੁਰਗ ਬਾਲਾ ਪ੍ਰੀਤਮ ਦਵਾਖਾਨਿਆਂ ਤੋਂ ਦਵਾਈ ਹਾਸਲ ਕਰਨ ਲਈ ਆਨਲਾਈਨ ਆਰਡਰ ਦੇ ਸਕਦੇ ਹਨ ਤੇ ਅਜਿਹੇ ਮਾਮਲਿਆਂ ਵਿਚ ਦਵਾਈਆਂ ਬਜ਼ੁਰਗਾਂ ਕੋਲ ਘਰ ਪਹੁੰਚਦੀਆਂ ਕੀਤੀਆਂ ਜਾਣਗੀਆਂ। ਸ੍ਰੀ ਸਿਰਸਾ ਨੇ ਇਸ ਮੌਕੇ ਜਿਥੇ ਸਰਕਾਰ ਨੂੰ ਅਪੀਲ ਕੀਤੀ ਕਿ ਹੱਕ ਮੰਗਣ ਆਏ ਅੰਨਦਾਤਾ ’ਤੇ ਡਾਂਗਾ ਤੇ ਠੰਢਾ ਪਾਣੀ ਨਾ ਵਰ੍ਹਾਇਆ ਜਾਵੇ, ਉਥੇ ਹੀ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਪ੍ਰੋਗਰਾਮ ਦੱਸਣ ਦੇ ਕੁਝ ਚੈਨਲਾਂ ਤੇ ਕੁਝ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਪ੍ਰਤੀ ਸੁਚੇਤ ਰਿਹਾ ਜਾਵੇ। ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਸ੍ਰੀ ਕਾਲਕਾ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਜਿਥੇ ਕਮੇਟੀ ਨੇ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਹੈ, ਉਥੇ ਹੀ ਮੈਡੀਕਲ ਟੀਮਾਂ ਤੇ ਐਂਬੂਲੈਂਸਾਂ ਵਿਚ ਸੰਘਰਸ਼ ਵਾਲੀਆਂ ਵੱਖ ਵੱਖ ਥਾਵਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਉਦਾਸੀਆਂ ਤੇ ਸਿੱਖਿਆਵਾਂ ਬਾਰੇ ਇਕ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਹਰ ਰਾਉਂਡ ਵਾਸਤੇ ਵੱਖੋ ਵੱਖਰੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਸਮਾਗਮ ਦੇ ਦੌਰਾਨ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਜਤਿੰਦਰਪਾਲ ਸਿੰਘ ਗੋਲਡੀ, ਭੁਪਿੰਦਰ ਸਿੰਘ ਭੁੱਲਰ ਵੀ ਮੌਜੂਦ ਰਹੇ।
ਰਤੀਆ (ਪੱਤਰ ਪ੍ਰੇਰਕ): ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵਕਰਮਾ ਗੁਰਦੁਆਰਾ ਕਮੇਟੀ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਫਤਿਆਬਾਦ ਰੋਡ, ਟੋਹਾਣਾ ਰੋਡ, ਪੁਰਾਣਾ ਬਾਜ਼ਾਰ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦਾ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਸ਼ਹਿਰ ਵਾਸੀਆਂ ਨੇ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਲਾਏ ਅਤੇ ਗੱਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਦਿਖਾਏ।
ਹਰਿਆਣਾ ਗੁਰਦੁਆਰਾ ਕਮੇਟੀ ਨੇ ਨਗਰ ਕੀਰਤਨ ਸਜਾਇਆ
ਗੂਹਲਾ ਚੀਕਾ (ਪੱਤਰ ਪ੍ਰੇਰਕ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਵਿੱਚ ਬੜੇ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ, ਜਿਸ ਵਿਚ ਮਹਾਨ ਨਗਰ ਕੀਰਤਨ ਕੀਤਾ ਗਿਆ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸੰਸਾਰ ਪ੍ਰਸਿੱਧ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਦੇ ਸਪੁੱਤਰ ਸਰਦਾਰ ਸੁਖਦੀਪ ਸਿੰਘ ਓਬਰਾਏ ਨੇ ਇਸ ਸਮੇਂ ਹਰਿਆਣਾ ਕਮੇਟੀ ਲਈ ਪੰਜ ਲੈਬਾਰਟਰੀਆਂ ਦਾ ਐਲਾਨ ਕੀਤਾ। ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਨਿੰਮਨਾਬਾਦ ਅਤੇ ਅਪਾਰ ਸਿੰਘ ਕਿਸ਼ਨਗੜ੍ਹ ਕਾਰਜਕਰਨੀ ਮੈਂਬਰ, ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦੇ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਜੀਵਨ ਸਿੰਘ ਚਨਾਗਰਾ ਵੀ ਹਾਜ਼ਰ ਸਨ।