ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਅਧੀਨ ਚੱਲਦੇ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਦੀ ਸਦਵਰਤੋਂ ਕਰਦੇ ਹੋਏ ਬੱਚਿਆਂ ਲਈ ਗੁਰਮਿਤ ਕੈਂਪ ਲਾਇਆ ਗਿਆ ਹੈ ਜਿਸ ਵਿੱਚ ਸਿੱਖ ਫਲਸਫ਼ੇ ਤੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। 10ਵੀਂ, 12ਵੀਂ ਦੇ ਵਿਦfਆਰਥੀਆਂ ਨੂੰ ਕਰੀਅਰ ਚੁਣਨ ਤੇ ਆਧੁਨਿਕ ਦੌਰ ਵਿੱਚ ਸਿੱਖਿਆ ਲਈ ਢੁੱਕਵੇਂ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਸਰੀਰਕ ਕਸਰਤਾਂ ਤੋਂ ਇਲਾਵਾ ਪ੍ਰਸ਼ਨ-ਉੱਤਰ ਤੇ ਸਿੱਖ ਧਰਮ ਬਾਰੇ ਅਧੁਨਿਕ ਤਰੀਕੇ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਜਾਰੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਦੋ ਸਾਲ ਦੇ ਵਕਫ਼ੇ ਮਗਰੋਂ ਹੁਣ ਸਕੂਲਾਂ ਵਿੱਚ ਆਉਣਾ ਤੇ ਅਜਿਹੇ ਕੈਂਪ ਵਿੱਚ ਸ਼ਾਮਲ ਹੋਣ ਨਾਲ ਉਹ ਤਰੋ-ਤਾਜ਼ਾ ਮਹਿਸੂਸ ਕਰ ਰਹੇ ਹਨ। ਕਰੋਨਾ ਕਾਲ ਤੋਂ ਕੁੱਝ ਮੁਕਤੀ ਮਹਿਸੂਸ ਕਰ ਰਹੇ ਹਨ। ਵਿਦਿਆਰਥੀਆਂ ਦੇ ਮਾਪਿਆਂ ਵਿੱਚੋਂ ਕਈਆਂ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਵਿੱਚ ਹੋਰ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਦੇ ਹਨ ਜੋ ਅੱਗੇ ਚੱਲ ਕੇ ਉਨ੍ਹਾਂ ਦੀਆਂ ਰੁਚੀਆਂ ਵਿੱਚ ਵਿਕਾਸ ਕਰਨ ਦਾ ਕੰਮ ਵੀ ਕਰਦੇ ਹਨ।