ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਈ ਭਾਗੋ ਬ੍ਰਿਗੇਡ ਦੇ ਸਹਿਯੋਗ ਨਾਲ ਭਾਈ ਤਾਰੂ ਸਿੰਘ ਦਾ 300 ਸਾਲਾ ਜਨਮ ਦਿਹਾੜਾ ਮਨਾਉਂਦਿਆਂ ਗੁਰਮਤਿ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕਰਵਾਇਆ ਗਿਆ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਰਣਜੀਤ ਕੌਰ ਤੇ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਜਤਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਭਾਈ ਚਮਨਜੀਤ ਸਿੰਘ ਦਿੱਲੀ ਵਾਲੇ ਦੇ ਜੱਥੇ ਨੇ ਗੁਰਬਾਣੀ ਕੀਰਤਨ ਤੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਵੀਸ਼ਰੀ ਵਾਰਾਂ ਰਾਹੀਂ ਭਾਈ ਤਾਰੂ ਸਿੰਘ ਦੇ ਜੀਵਨ ‘ਤੇ ਪ੍ਰਕਾਸ਼ ਪਾਇਆ। ਰਣਜੀਤ ਕੌਰ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਵੱਲੋਂ ਮਾਈ ਭਾਗੋ ਬ੍ਰਿਗੇਡ ਬਣਾਉਣ ਪਿੱਛੋਂ ਕਮੇਟੀ ਨੇ ਸ਼ਹੀਦਾਂ ਦੇ ਦਿਨ ਮਨਾਉਣ ਦੀ ਸੇਵਾ ਸਾਡੀ ਝੋਲੀ ਵਿਚ ਪਾਈ ਹੈ। ਉਨ੍ਹਾਂ ਦੱਸਿਆ ਕਿ ਮਾਈ ਭਾਗੋ ਬ੍ਰਿਗੇਡ ਵੱਲੋਂ ਪੇਂਟਿੰਗ ਤੇ ਕੁਇਜ਼ ਮੁਕਾਬਲੇ ਆਨਲਾਈਨ ਕਰਵਾਏ ਗਏ ਜਿਸ ਵਿਚ 1800 ਦੇ ਕਰੀਬ ਬੱਚਿਆਂ ਨੇ ਹਿੱਸਾ ਲੈ ਕੇ ਭਾਈ ਤਾਰੂ ਸਿੰਘ ਦੇ ਜੀਵਨ ‘ਤੇ ਪੇਂਟਿੰਗ ਬਣਾ ਕੇ ਭੇਜੀਆਂ ਤੇ ਕੁਇਜ਼ ਮੁਕਾਬਲੇ ਵਿਚ ਵੀ ਸ਼ਮੂਲੀਅਤ ਕੀਤੀ।