ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਟਕਸਾਲ ਵਲੋਂ ‘ਸਾਚੈ ਮੇਲਿ ਮਿਲਾਏ ਗੁਰਮਤਿ’ ਸਮਾਗਮ ਭਾਈ ਲੱਖੀਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਨਵੀ ਦਿੱਲੀ ਵਿਖੇ ਕਰਵਾਇਆ ਗਿਆ।ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਨੂੰ ਜੀਵਨ ਵਿਚ ਅਜਿਹਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਹੋਰ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਉਹਨਾਂ ਕਿਹਾ ਕਿ ਇਸ ਸਮਾਗਮ ਵਿਚ ਚੋਟੀ ਦੇ ਵਿਦਵਾਨ ਸ਼ਾਮਲ ਹੋਏ ਹਨ ਜਿਹਨੂੰ ਨੇ ਗਿਆਨ ਦਾ ਖ਼ਜ਼ਾਨਾ ਬੱਚਿਆਂ ਤੇ ਹੋਰਨਾਂ ਨਾਲ ਸਾਂਝਾ ਕੀਤਾ ਹੈ। ਸਮਾਗਮ ਵਿਚ ਪ੍ਰੋ. ਮਨਜੀਤ ਸਿੰਘ ਤੇ ਹਰਜਿੰਦਰ ਕੌਰ ਚੰਡੀਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਗ੍ਰਹਿਸਥ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ, ਇਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਬੀਬੀ ਹਰਜਿੰਦਰ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਤੇ ਕਿਹਾ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਬਣਨਾ ਹੈ। ਸਾਡੇ ਮਾਤਾ ਪਿਤਾ ਹਮੇਸ਼ਾ ਸਾਡਾ ਭਲਾ ਲੋਚਦੇ ਹਨ। ਇਸ ਸਮਾਗਮ ਵਿਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਵੇਗਾ। ਡਾ. ਜਸਪਾਲ ਸਿੰਘ, ਡਾ. ਹਰਸ਼ਿੰਦਰ ਕੌਰ ਪਟਿਆਲਾ ਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਹਾਜ਼ਰੀਆਂ ਭਰੀਆਂ।
‘ਗੁਰਮਿਤ ਕੁਇਜ਼’ ਕਰਵਾਈ
ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਗੁਰੂ ਸਾਹਿਬਾਨ, ਬਾਣੀ ਅਤੇ ਇਤਿਹਾਸ ਦੀ ਜਾਣਕਾਰੀ ਦੇਣ ਲਈ ਸਕੂਲ ਵਿੱਚ ਅੰਤਰ ਹਾਊਸ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸੀਨੀਅਰ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ-ਨਾਲ ‘ਜਪੁਜੀ ਸਾਹਿਬ ਦੀ ਬਾਣੀ’ ਅਤੇ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਬਾਰੇ ਵਿਦਿਆਰਥੀਆਂ ਨੂੰ ਸੁਆਲ ਪੁੱਛੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਨੇ ਕਿਹਾ ਕਿ ਸਕੂਲ ਵਿੱਚ ‘ਡਿਵਨਿਟੀ’ ਵਿਸ਼ੇ ਨੂੰ ਸਾਰੀਆਂ ਜਮਾਤਾਂ ਵਿੱਚ ਪਹਿਲ ਦੇ ਅਧਾਰ ਤੇ ਪੜ੍ਹਾਇਆ ਜਾਂਦਾ ਹੈ। ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਬਾਣੀ ਨਾਲ ਜੋੜਨਾ ਹੈ। ਪਰਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਸਕੂਲ ਪੱਧਰ ਤੇ ਇਹੋ ਜਿਹੇ ਉਪਰਾਲੇ ਕਰੀਏ ਤਾਂ ਕਿ ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਣ ਸਿੱਖ ਇਤਿਹਾਸ ਨਾਲ ਸਾਂਝ ਪਾ ਸਕਣ। ਗੁਰਮਤਿ ਕੁਇਜ਼ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿੱਚ ਪਹਿਲੇ ਸਥਾਨ ਤੇ ਬਾਬਾ ਫਤਹਿ ਸਿੰਘ ਹਾਊਸ ਦੀ ਟੀਮ ਦੂਜੇ ਸਥਾਨ ’ਤੇ ਰਹੀ।