ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਪਰੈਲ
ਗੁਰਮਤਿ ਕਾਲਜ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਪਿਛਲੇ ਲੰਬੇ ਸਮੇਂ ਤੋਂ ਤਿੰਨ ਮਹੀਨੇ ਦਾ ‘ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ’ ਆਰੰਭ ਕੀਤਾ ਗਿਆ ਸੀ। ਇਸ ਕੋਰਸ ਦੇ 29 ਸੈਸ਼ਨ ਪੂਰੇ ਹੋ ਚੁੱਕੇ ਹਨ। ਵੱਡੀ ਗਿਣਤੀ ਵਿਦਿਆਰਥੀ ਇਹ ਕੋਰਸ ਕਰ ਚੁੱਕੇ ਹਨ। ਅੱਜ ਗੁਰਦੁਆਰਾ ਮਾਤਾ ਸੁੰਦਰੀ ਵਿਖੇ ‘ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ’ ਦਾ 30ਵਾਂ ਸੈਸ਼ਨ ਆਰੰਭ ਕੀਤਾ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਸਰਵਜੀਤ ਸਿੰਘ ਵਿਰਕ ਸਹਿਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਪਹਿਲਾਂ ਗੁਰਮਤਿ ਕਾਲਜ ਗੁਰਬਾਣੀ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਉਪਰੰਤ ਗੁਰਮਤਿ ਕਾਲਜ ਗੁਰਬਾਣੀ ਸੰਗੀਤ ਅਕੈਡਮੀ ਦੇ ਚੇਅਰਮੈਨ ਜਤਿੰਦਰ ਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਇਸ ਕੋਰਸ ਨੂੰ ਆਰੰਭ ਕਰਨ ਦਾ ਸਾਡਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨਾ ਹੈ। ਇਸ ਮੌਕੇ ਪਹਿਲਾ ਇਨਾਮ 11000, ਦੂਜਾ 5100, ਤੀਜਾ ਇਨਾਮ 3100 ਅਤੇ ਹੌਸਲਾਵਧਾਊ ਇਨਾਮ 1100/- ਰੁਪਏ ਸਨਮਾਨ ਵਜੋਂ ਦਿੱਤੇ ਗਏ।