ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ’ਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਸਮਰ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿੱਚ 1500 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਐਜੂਕੇਸ਼ਨ ਸੈੱਲ ਦੇ ਚੇਅਰਮੈਨ ਵਿਕਰਮ ਸਿੰਘ ਰੋਹਿਣੀ, ਖੇਡ ਸੈੱਲ ਦੇ ਚੇਅਰਮੈਨ ਗੁਰਦੀਪ ਸਿੰਘ ਬਿੱਟੂ ਤੇ ਕੋ ਚੇਅਰਮੈਨ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੇ ਹੁਕਮਾਂ ਇਹ ਸਮਰ ਕੈਂਪ ਲਗਾਏ ਗਏ ਹਨ। ਇਨ੍ਹਾਂ ਵਿੱਚ ਬੱਚਿਆਂ ਨੂੰ ਸਿੱਖਿਆ ਦੀਆਂ ਵਾਧੂ ਕਲਾਸਾਂ ਦੇ ਨਾਲ-ਨਾਲ ਗਤਕਾ ਸਿਖਲਾਈ, ਸੰਗੀਤ ਸਿਖਲਾਈ ਤੇ ਗੁਰਬਾਣੀ ਕਲਾਸਾਂ ਸਮੇਤ ਵੱਖ-ਵੱਖ ਵੰਨਗੀਆਂ ਦੀ ਸਿਖਲਾਈ ਦਿੱਤੀ ਗਈ। ਵਿਕਰਮ ਸਿੰਘ ਰੋਹਿਣੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਾਸਤੇ ਕਮੇਟੀ ਮੁਲਾਜ਼ਮਾਂ ਦੇ ਨਾਲਨਾਲ ਸਮੂਹ ਸਕੂਲ ਸਟਾਫ ਵੱਲੋਂ ਵੱਡਮੁੱਲਾ ਸਹਿਯੋਗ ਦਿੱਤਾ ਗਿਆ। ਵਿਦਿਆਰਥੀਆਂ ਨੂੰ ਸਰੀਰਕ ਕਸਰਤਾਂ ਸਿਖਾਈਆਂ ਗਈਆਂ ਤੇ ਗੁਰਮਿਤ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕਰੋਨਾ ਮਗਰੋਂ ਹੁਣ ਦਿੱਲੀ ਵਿੱਚ ਸਾਰੇ ਸਕੂਲ ਪੂਰੀ ਸਮੱਰਥਾ ਨਾਲ ਚੱਲ ਰਹੇ ਹਨ ਤੇ ਵਿਦਿਆਰਥੀ ਵੀ ਦੋ ਸਾਲ ਮਗਰੋਂ ਕੈਪਾਂ ਵਿੱਚ ਮੁੜ ਸ਼ਾਮਲ ਹੋ ਕੇ ਖੁਸ਼ ਹਨ।