ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ
‘ਆਪ’ ਦੇ ਵਿਧਾਇਕਾਂ ਨੇ ਗੁਜਰਾਤ ਭਾਜਪਾ ਦੀ ਟੀਮ ਨੂੰ ਸੱਦਾ ਦਿੱਤਾ ਸੀ। ‘ਆਪ’ ਆਗੂਆਂ ਨੇ ਭਾਜਪਾ ਟੀਮ ਦਾ ਸਵਾਗਤ ਕਰਨ ਲਈ ਇੰਤਜ਼ਾਰ ਕੀਤਾ ਪਰ ਵਫ਼ਦ ਸਕੂਲ ਵਿੱਚ ਨਾ ਪੁੱਜਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਭਾਜਪਾ ਦੇ ਕਈ ਸੀਨੀਅਰ ਆਗੂ ਦਿੱਲੀ ਵਿੱਚ ਮੁਹੱਲਾ ਕਲੀਨਿਕ ਤੇ ਸਕੂਲ ਦੇਖਣ ਆਏ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਤਿਸ਼ੀ ਨੇ ਦੱਸਿਆ ਕਿ ਪਾਰਟੀ ਦੇ ਵਿਧਾਇਕਾਂ ਦਾ ਵਫ਼ਦ ਉਨ੍ਹਾਂ ਨੂੰ ਦਿੱਲੀ ਸਿੱਖਿਆ ਕ੍ਰਾਂਤੀ ਦਾ ਪੂਰਾ ਸਫ਼ਰ ਦੱਸਣ ਲਈ 12.30 ਵਜੇ ਰਾਊਸ ਐਵੇਨਿਊ ਵਿੱਚ ਗੁਜਰਾਤ ਭਾਜਪਾ ਦੇ ਵਫ਼ਦ ਦੀ ਉਡੀਕ ਕਰਦਾ ਰਿਹਾ। ਸਕੂਲ ਸੱਤ ਸਾਲ ਪਹਿਲਾਂ ਟੀਨ ਸ਼ੈੱਡ ਹੇਠ ਚੱਲਦਾ ਸੀ ਪਰ ਅੱਜ ਇਹ ਸਕੂਲ ਵਿਸ਼ਵ ਪੱਧਰੀ ਬਣ ਗਿਆ ਹੈ। ਦਿੱਲੀ ਭਰ ਦੇ ਲੋਕ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਨੂੰ ਪਹਿਲ ਦਿੰਦੇ ਹਨ। ਗੁਜਰਾਤ ਦੇ ਸਮਾਰਟ ਸਕੂਲ ਵਿੱਚ ਬੱਚੇ ਤੱਪੜ ’ਤੇ ਬੈਠ ਕੇ ਪੜ੍ਹ ਰਹੇ ਹਨ। ਅਜਿਹੇ ਵਿੱਚ ਗੁਜਰਾਤ ਭਾਜਪਾ ਦਾ ਵਫ਼ਦ ਅਸਲ ਸਮਾਰਟ ਸਕੂਲ ਦੇਖਣ ਆਵੇਗਾ।
ਆਤਿਸ਼ੀ ਨੇ ਦੱਸਿਆ, ‘‘ਅਸੀਂ ਚਾਹੁੰਦੇ ਹਾਂ ਕਿ ਉਹ ਅਜਿਹੇ ਸਕੂਲ ਵਿੱਚ ਆਵੇ ਜਿੱਥੇ ਅਸੀਂ ਹਾਜ਼ਰ ਹੋ ਸਕਦੇ ਹਾਂ। ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਬਦਲਣ ਦੀ ਯਾਤਰਾ ਬਾਰੇ ਦੱਸ ਸਕਦੇ ਹਾਂ।’’ ਇਸ ਦੌਰਾਨ ਵਿਧਾਇਕ ਰਿਤੂਰਾਜ, ਕੁਲਦੀਪ ਕੁਮਾਰ ਅਤੇ ਗੁਲਾਬ ਸਿੰਘ ਹਾਜ਼ਰ ਸਨ।
ਵਿਧਾਇਕ ਆਤਿਸ਼ੀ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਜਰਾਤ ਤੋਂ ਆਏ ਵਫ਼ਦ ਦੇ ਸਵਾਗਤ ਲਈ ਪ੍ਰਬੰਧ ਕੀਤੇ ਗਏ ਹਨ। ਗੇਟ ’ਤੇ ਉਨ੍ਹਾਂ ਦੇ ਸੁਆਗਤ ਲਈ ਇੱਕ ਬੋਰਡ ਲੱਗਾ ਜਿੱਥੇ ਉਨ੍ਹਾਂ ਦੇ ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਗਲੇ ਪਾਸੇ ਵਿਦਿਆਰਥੀਆਂ ਦੇ ਕੰਮਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਦਿੱਲੀ ਮਾਡਲ ਤੋਂ ਸਿੱਖ ਕੇ ਆਪਣੇ ਅਦਾਰਿਆਂ ’ਚ ਸੁਧਾਰ ਕਰੇਗੀ ਭਾਜਪਾ: ਕੇਜਰੀਵਾਲ
ਰਾਸ਼ਟਰੀ ਰਾਜਧਾਨੀ ਵਿੱਚ ਸਿੱਖਿਆ ਤੇ ਸਿਹਤ ਸੰਭਾਲ ਪ੍ਰਣਾਲੀ ਨੂੰ ‘ਸ਼ਾਨਦਾਰ’ ਦੱਸਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਉਮੀਦ ਜ਼ਾਹਿਰ ਕੀਤੀ ਕਿ ਭਾਜਪਾ ਦੇ ਸੀਨੀਅਰ ਨੇਤਾ ਜੋ ਗੁਜਰਾਤ ਤੋਂ ਮੁਹੱਲਾ ਕਲੀਨਿਕ ਤੇ ਸਕੂਲਾਂ ਦਾ ‘ਮੁਆਇਨਾ’ ਕਰਨ ਪਹੁੰਚੇ ਹਨ, ਉਨ੍ਹਾਂ ਤੋਂ ਸਿੱਖਣਗੇ ਅਤੇ ਅਜਿਹੇ ਸੁਧਾਰ ਕਰਨਗੇ। ਭਾਜਪਾ ਦੀ ਗੁਜਰਾਤ ਇਕਾਈ ਦਾ 17 ਮੈਂਬਰੀ ਵਫ਼ਦ ਮੰਗਲਵਾਰ ਤੋਂ ਕੌਮੀ ਰਾਜਧਾਨੀ ਵਿੱਚ ਹੈ। ਉਹ ਦੋਵਾਂ ਮਾਡਲਾਂ ਦੀ ਅਸਲੀਅਤ ਨੂੰ ਵੇਖਣ ਪੁੱਜਿਆ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਕੇਜਰੀਵਾਲ ਵੱਲੋਂ ਕੀਤੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਵਫ਼ਦ ਇੱਥੋਂ ਸਿੱਖੇ ਸੁਧਾਰ ਦੇ ਆਧਾਰ ’ਤੇ ਗੁਜਰਾਤ ਵਿੱਚ ਸੁਧਾਰ ਕਰੇਗਾ। ਕੇਜਰੀਵਾਲ ਨੇ ਵਫ਼ਦ ਦਾ ਸਵਾਗਤ ਕਰਨ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ, ਮੁਹੱਲਾ ਕਲੀਨਿਕਾਂ ਅਤੇ ਹਸਪਤਾਲਾਂ ਦੇ ਦੌਰੇ ਦੌਰਾਨ ਵਿਧਾਇਕ ਆਤਿਸ਼ੀ ਸਣੇ ਕੁਝ ਹੋਰ ਵਿਧਾਇਕਾਂ ਨੂੰ ਤਾਇਨਾਤ ਕੀਤਾ ਹੈ।