ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਗੁਜਰਾਤ ਤੋਂ ਭਾਜਪਾ ਦਾ ਵਫ਼ਦ ਮੰਗਲਵਾਰ ਨੂੰ ਦਿੱਲੀ ਸਰਕਾਰ ਦੇ ਸਕੂਲ ਤੇ ਹੋਰ ਪ੍ਰਬੰਧ ਦੇਖਣ ਲਈ ਸ਼ਹਿਰ ਪਹੁੰਚਿਆ ਹੈ। ‘ਆਪ’ ਨੇ ਦਾਅਵਾ ਕੀਤਾ ਕਿ ਉਹ ਇਹ ਜਾਣਨ ਲਈ ਆਏ ਹਨ ਕਿ ਗੁਜਰਾਤ ਦੇ ਲੋਕਾਂ ਨੂੰ ਚੰਗੇ ਸਕੂਲ ਅਤੇ ਹਸਪਤਾਲ ਕਿਵੇਂ ਮੁਹੱਈਆ ਕਰਵਾਏ ਜਾ ਸਕਦੇ ਹਨ। ‘ਆਪ’ ਵਿਧਾਇਕਾਂ ਆਤਿਸ਼ੀ ਤੇ ਸੰਜੀਵ ਝਾਅ ਨੇ ਗੁਜਰਾਤ ਭਾਜਪਾ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਹੈੱਡਕੁਆਰਟਰ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਵਫ਼ਦ ਦੇ ਮੈਂਬਰਾਂ ਨੂੰ ਦਿੱਲੀ ਦੇ ਕਿਸੇ ਵੀ ਸਰਕਾਰੀ ਸਕੂਲ ਮੁਹੱਲਾ ਕਲੀਨਿਕ ਤੇ ਹਸਪਤਾਲ ਜੋ ਉਹ ਦੇਖਣਾ ਚਾਹੁੰਦੇ ਹਨ, ਵਿੱਚ ਲੈ ਕੇ ਜਾਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਝਾਅ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਅਗਲੇ ਹਫ਼ਤੇ ਦਿੱਲੀ ਤੋਂ ਗੁਜਰਾਤ ਦਾ ਦੌਰਾ ਕਰੇਗਾ। ਉੱਥੇ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲਾਂ ਅਤੇ ਹਸਪਤਾਲ ਵੇਖੇਗਾ। ਭਾਜਪਾ ਦੀ ਸੂਬਾ ਇਕਾਈ ਨੂੰ ਵੀ ਇਸੇ ਤਰ੍ਹਾਂ ਵਫ਼ਦ ਦੀ ਮੇਜ਼ਬਾਨੀ ਕਰਨ ਦੀ ਅਪੀਲ ਕੀਤੀ ਹੈ।
ਦਿੱਲੀ ਭਾਜਪਾ ਦੇ ਇੱਕ ਨੇਤਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਗੁਜਰਾਤ ਭਾਜਪਾ ਦਾ ਵਫ਼ਦ, ਆਪਣੇ ਦੋ ਰੋਜ਼ਾ ਦੌਰੇ ਦੌਰਾਨ ਇਹ ਵੇਖੇਗਾ ਕਿ ਕਿਵੇਂ ਗੁਜਰਾਤ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੁਆਰਾ ਝੂਠੇ ਪ੍ਰਚਾਰ ਆਧਾਰਤ ਦਿੱਲੀ ਮਾਡਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਭਾਜਪਾ ਵਫ਼ਦ ਦਾ ਕੌਮੀ ਰਾਜਧਾਨੀ ਦਾ ਦੌਰਾ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੈ। ‘ਆਪ’ ਆਉਣ ਵਾਲੀਆਂ ਚੋਣਾਂ ਵਿਚ ਗੁਜਰਾਤ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਆਤਿਸ਼ੀ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਸਰਕਾਰੀ ਸਕੂਲਾਂ ਦੀ ਹਾਲਤ ਖ਼ਰਾਬ ਹੈ ਤੇ ਗੁਜਰਾਤ ਵਿੱਚ ਪਿਛਲੇ ਦੋ ਸਾਲਾਂ ਵਿੱਚ 6,000 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਹਨ। ਸੂਬੇ ਦੇ ਸਿੱਖਿਆ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਅੰਕੜਿਆਂ ਅਨੁਸਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 19,000 ਤੋਂ ਵੱਧ ਕਲਾਸਰੂਮਾਂ ਦੀ ਘਾਟ ਹੈ। ਆਤਿਸ਼ੀ ਨੇ ਕਿਹਾ ਕਿ ਸ਼ਾਇਦ ਗੁਜਰਾਤ ਦੇ ਸਰਕਾਰੀ ਸਕੂਲਾਂ ਦੀ ਮੌਜੂਦਾ ਹਾਲਤ ਕਾਰਨ ਪਾਰਟੀ ਦੀ ਸੂਬਾ ਇਕਾਈ ਦੇ ਵਫ਼ਦ ਨੂੰ ਦਿੱਲੀ ਆਉਣਾ ਪਿਆ ਕਿਉਂਕਿ ਦਿੱਲੀ ਵਿੱਚ ਬਹੁਤ ਵਧੀਆ ਸਰਕਾਰੀ ਸਕੂਲ ਹਨ।
ਭਾਜਪਾ ਵੱਲੋਂ ਗੁਜਰਾਤ ਤੋਂ ਆਏ ਵਫ਼ਦ ਦਾ ਸਵਾਗਤ
ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਅੱਜ ਗੁਜਰਾਤ ਤੋਂ ਆਏ ਭਾਜਪਾ ਦੇ ਵਫ਼ਦ ਦਾ ਸੂਬਾ ਦਫ਼ਤਰ ਵਿੱਚ ਸਵਾਗਤ ਕੀਤਾ। ਇਸ ਮੌਕੇ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿੱਖਿਆ ਪ੍ਰਣਾਲੀ ਨੂੰ ਜਦੋਂ ਵੀ ਕੋਈ ਦੇਖਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਦੋ-ਚਾਰ ਇਮਾਰਤਾਂ ਹੀ ਦਿਖਾਈਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਕੰਧਾਂ ਨੂੰ ਸਜਾਇਆ ਗਿਆ ਹੈ। ਇਸ ਨੂੰ ਸਿੱਖਿਆ ਵਿੱਚ ਕ੍ਰਾਂਤੀ ਵਜੋਂ ਨਹੀਂ ਪ੍ਰਚਾਰਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਕਮਰੇ ਵਿੱਚ 100 ਬੱਚੇ ਪੜ੍ਹਨ ਲਈ ਮਜਬੂਰ ਹਨ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਸਿੱਖਿਆ ਪ੍ਰਣਾਲੀ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਸ੍ਰੀ ਗੁਪਤਾ ਨੇ ਕਿਹਾ ਕਿ ਸਿਸੋਦੀਆ ਤੇ ਉਨ੍ਹਾਂ ਦੀ ਪੂਰੀ ਟੀਮ ਗੁਜਰਾਤ ਤੋਂ 17 ਮੈਂਬਰੀ ਵਫ਼ਦ ਦੇ ਆਉਣ ਨਾਲ ਹੈਰਾਨ ਤੇ ਡਰਿਆ ਹੋਈ ਹੈ। ਇੱਥੇ ਸਰਕਾਰੀ ਸਕੂਲਾਂ ਵਿੱਚ 23,000 ਅਧਿਆਪਕਾਂ ਦੀ ਘਾਟ ਹੈ।