ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਅਗਵਾਈ ਵਿੱਚ ਔਰਤਾਂ ਤੇ ਨੌਜਵਾਨਾਂ ਦੇ ਜਥੇ ਅੱਜ ਸਿੰਘੂ ਬਾਰਡਰ ਸਥਿਤ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ‘ਤੇ ਪਹੁੰਚੇ। ਇਨ੍ਹਾਂ ਜਥਿਆਂ ਦੀ ਅਗਵਾਈ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਸੁਰਿੰਦਰ ਜੈਪਾਲ ਤੇ ਸਕੱਤਰ ਨੀਲਮ ਘੁਮਾਣ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਹਰਨੇਕ ਸਿੰਘ ਗੁੱਜਰਵਾਲ, ਮੱਖਣ ਸੰਗਰਾਮੀ ਤੇ ਹਰਮੀਤ ਰਿੰਕਾ ਨੇ ਕੀਤੀ। ਇਸ ਦੌਰਾਨ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪਰਗਟ ਸਿੰਘ ਜਾਮਾਰਾਏ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਥਿਆਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਔਰਤਾਂ ਅਤੇ ਨੌਜਵਾਨਾਂ ਦੀ ਆਮਦ ਨੇ ਮੋਰਚੇ ਨੂੰ ਨਵੀ ਊਰਜਾ ਤੇ ਹੌਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਇਹ ਅੰਦੋਲਨ ਚੜ੍ਹਦੀ ਕਲਾ ਵਿੱਚ ਹੈ । ਇਹ ਜਨ ਅੰਦੋਲਨ ਬਣ ਗਿਆ ਹੈ, ਜਿਸ ਨੂੰ ਹਰ ਤਬਕੇ ਦਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ ਰਵਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਨਿਰਮਲ ਸਿੰਘ ਆਧੀ ਤੇ ਸੰਨੀ ਫਿਲੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।