ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਫਰਵਰੀ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ 5 ਮਾਰਚ ਨੂੰ ਤਿਆਗਰਾਜ ਸਟੇਡੀਅਮ ਵਿੱਚ ‘ਬਿਜ਼ਨਸ ਬਲਾਸਟਰਜ਼ ਇਨਵੈਸਟਮੈਂਟ ਸਮਿਟ ਐਂਡ ਐਕਸਪੋ’ ਕਰਵਾਏਗੀ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰਜ਼ ਪ੍ਰੋਗਰਾਮ ਦੀ ਮਦਦ ਨਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਵੱਡਾ ਮੰਚ ਦੇਣ ਲਈ ਅਜਿਹੇ ਉਪਰਾਲੇ ਕੀਤਾ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਕਸਪੋ ਵਿੱਚ ਬਿਜ਼ਨਸ ਬਲਾਸਟਰਜ਼ ਦੀਆਂ ਫਾਈਨਲਿਸਟ 100 ਤੋਂ ਵੱਧ ਟੀਮਾਂ ਸ਼ਾਮਲ ਹਨ। ਜਿੱਥੇ ਛੋਟੇ ਕਾਰੋਬਾਰੀਆਂ ਨੂੰ ਆਪਣੇ ਸ਼ੁਰੂਆਤ ਲਈ ਨਿਵੇਸ਼ ਮਿਲੇਗਾ ਅਤੇ ਨਾਲ ਹੀ ਇਨ੍ਹਾਂ ਬੱਚਿਆਂ ਨੂੰ ਦਿੱਲੀ ਸਰਕਾਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ (ਐੱਨ.ਐੱਸ.ਯੂ.ਟੀ., ਡੀ.ਐੱਸ.ਈ.ਯੂ., ਡੀ.ਟੀ.ਯੂ., ਆਈ.ਜੀ.ਡੀ.ਟੀ.ਯੂ.ਡਬਲਯੂ) ਵਿੱਚ ਬੀ.ਬੀ.ਏ ਵਿੱਚ ਸਿੱਧੇ ਤੌਰ ‘ਤੇ ਦਾਖਲਾ ਲੈਣ ਦਾ ਮੌਕਾ ਪ੍ਰਾਪਤ ਹੋਵੇਗਾ। ਇਸ ਮੌਕੇ ਉਨ੍ਹਾਂ ਦੇਸ਼ ਭਰ ਦੇ ਨਿਵੇਸ਼ਕਾਂ ਨੂੰ ਸੱਦਾ ਦਿੰਦੇ ਹੋਏ ਇਨ੍ਹਾਂ ਬੱਚਿਆਂ ਦੀ ਸ਼ੁਰੂਆਤ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨਿਵੇਸ਼ਕ ਦਿੱਲੀ ਸਰਕਾਰ ਦੇ ਉਭਰਦੇ ਉੱਦਮੀਆਂ ਦੇ ਕਾਰੋਬਾਰੀ ਵਿਚਾਰਾਂ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਕਿ ਹੁਣ ਤੱਕ ਇਨ੍ਹਾਂ ਵਿਚਾਰਾਂ ਲਈ 12 ਕਰੋੜ ਤੋਂ ਵੱਧ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਮਦਦ ਨਾਲ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਨੌਕਰੀ ਦੇ ਚਾਹਵਾਨ ਨਹੀਂ ਸਗੋਂ ਨੌਕਰੀ ਦੇਣ ਵਾਲੇ ਹਨ ਤੇ ਉਨ੍ਹਾਂ ਦੀ ਮਾਨਸਿਕਤਾ ਬਦਲਣੀ ਸ਼ੁਰੂ ਹੋ ਗਈ ਹੈ। ਇਨ੍ਹਾਂ ਬੱਚਿਆਂ ਵਿੱਚੋਂ ਭਵਿੱਖ ਦੇ ਵੱਡੇ ਉਦਯੋਗਪਤੀ ਤਿਆਰ ਹੋਣਗੇ ਜੋ ਫੇਸਬੁੱਕ, ਗੂਗਲ ਵਰਗੀਆਂ ਕੰਪਨੀਆਂ ਬਣਾਉਣਗੇ। 5 ਮਾਰਚ ਨੂੰ ਹੋਣ ਵਾਲੇ ‘ਬਿਜ਼ਨਸ ਬਲਾਸਟਰਜ਼ ਇਨਵੈਸਟਮੈਂਟ ਸਮਿਟ ਐਂਡ ਐਕਸਪੋ’ ਦੇ ਸਬੰਧ ਵਿੱਚ ਸ੍ਰੀ ਸਿਸੋਦੀਆ ਨੇ ਨਿਵੇਸ਼ਕਾਂ ਨੂੰ ਨਿਵੇਸ਼ ਦਾ ਸੱਦਾ ਦਿੱਤਾ।