ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕਤਲ ਤੇ ਬਲਾਤਕਾਰ ਸਮੇਤ ਸੰਗੀਨ ਜ਼ੁਰਮਾਂ ਅਧੀਨ ਜਿਸ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਸ ਨੂੰ ਪੈਰੋਲ ’ਤੇ ਰਿਹਾਅ ਕਰਨ ਦੀ ਥਾਂ ਸਰਕਾਰ ਉਮਰ ਕੈਦ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ। ਉਨ੍ਹਾ ਕਿਹਾ ਕਿ ਡੇਰਾ ਮੁਖੀ ਕਾਫੀ ਦੇਰ ਤੋਂ ਜੇਲ੍ਹ ਵਿਚ ਬੰਦ ਸੀ ਤੇ ਅੱਜ ਉਸ ਨੂੰ ਪੈਰੋਲ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਪੈਰੋਲ ਦੇਣ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਦੋ ਤਰੀਕੇ ਦੇ ਕਾਨੂੰਨ ਚਲ ਰਹੇ ਹਨ। ਇਕ ਉਹ ਜਿਹੜੇ ਸਰਕਾਰਾਂ ਨਾਲ ਸਬੰਧ ਰੱਖਦੇ ਹੋਣ ਤੇ ਦੂਜੇ ਪਾਸੇ ਉਹ ਜੋ 25, 25 ਸਾਲ ਜੇਲ੍ਹਾਂ ਵਿਚ ਬੰਦ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਕਾਨੂੰਨ ਵਿਵਸਥਾ ’ਤੇ ਕੋਈ ਸਵਾਲ ਨਹੀਂ ਚੁੱਕ ਰਹੇ ਪਰ ਸਾਡੇ ਦਿਲਾਂ ਵਿਚ ਰੋਸ ਹੈ ਕਿ ਜਿਹੜੀ ਬਹੁਤ ਵੱਡੀ ਲੜਾਈ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਤੇ ਉਨ੍ਹਾਂ ਦੀਆਂ ਪੈਰੋਲਾਂ ਤੇ ਜੇਲ੍ਹਾਂ ਤਬਦੀਲ ਕਰਨ ਬਾਰੇ ਲੜ ਰਹੇ ਹਾਂ, ਉਸ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੌਮ ਦੇ ਜੁਝਾਰੂ ਜੋ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਨੁੰ ਕਦੇ ਪੈਰੋਲ ਨਹੀਂ ਮਿਲੀ ਪਰ ਜੋ ਡੇਰਾ ਸਿਰਸਾ ਮੁਖੀ ਵਰਗੇ ਬੰਦੇ ਸਮਾਜ ਦੇ ਨਾਂ ’ਤੇ ਧੱਬਾ ਹਨ ਜਿਨ੍ਹਾਂ ਨੇ ਆਪਣੇ ਆਸ਼ਰਮ ਵਿਚ ਆਈਆਂ ਕੁੜੀਆਂ ਨੂੰ ਬੇਪੱਤ ਕੀਤਾ, ਉਨ੍ਹਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਕਾਲਕਾ ਨੇ ਕਿਹਾ ਕਿ ਅਸੀਂ ਸਰਕਾਰ ਤੱਕ ਵੀ ਇਹ ਪਹੁੰਚ ਕਰਾਂਗੇ ਕਿ ਇਸ ਗੱਲ ਦਾ ਨੋਟਿਸ ਲਿਆ ਜਾਵੇ ਅਤੇ ਅਜਿਹੇ ਸਮਾਜ ਵਿਰੋਧੀਆਂ ਨੂੰ ਪੈਰੋਲ ਨਾ ਦਿੱਤੀ ਜਾਵੇ ਬਲਕਿ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।