ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
‘ਆਪ’ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ 100 ਨਵੇਂ ਮੁਹੱਲਾ ਕਲੀਨਿਕ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਮੁਹੱਲਾ ਕਲੀਨਿਕਾਂ ਦੀ ਉਸਾਰੀ ਦਾ ਕੰਮ ਆਪਣੇ ਅੰਤਿਮ ਪੜਾਅ ‘ਤੇ ਚੱਲ ਰਿਹਾ ਹੈ। ਇਸ ਸਬੰਧੀ ਸੋਮਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਿਹਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਲੀਨਿਕਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ। ਸ੍ਰੀ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਦਾ ਮੁਹੱਲਾ ਕਲੀਨਿਕ ਮਾਡਲ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਮੁੱਢਲੀ ਸਿਹਤ ਪ੍ਰਣਾਲੀ ਦਾ ਵਿਲੱਖਣ ਮਾਡਲ ਹੈ। ਉਨ੍ਹਾਂ ਕਿਹਾ ਕਿ ਹਰੇਕ ਦਿੱਲੀ ਵਾਸੀ ਨੂੰ ਪ੍ਰਾਇਮਰੀ ਪੱਧਰ ‘ਤੇ ਸਿਹਤ ਸਹੂਲਤ ਮਿਲਣੀ ਚਾਹੀਦੀ ਹੈ। ਇਨ੍ਹਾਂ ਕਲੀਨਿਕਾਂ ਦੀ ਉਸਾਰੀ ਦਾ ਕੰਮ ਆਪਣੇ ਅੰਤਿਮ ਪੜਾਅ ‘ਤੇ ਹੈ ਅਤੇ ਜਲਦੀ ਹੀ ਇਹ ਆਮ ਲੋਕਾਂ ਲਈ ਪੂਰੀ ਤਰ੍ਹਾਂ ਉਪਲਬਧ ਹੋ ਜਾਣਗੇ। ਦਿੱਲੀ ਦੇ ਸਾਰੇ ਮੁਹੱਲਾ ਕਲੀਨਿਕਾਂ ਨੂੰ ਡਿਜੀਟਲ ਕਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਕਈ ਮੁਹੱਲਾ ਕਲੀਨਿਕਾਂ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਕੀਤਾ ਗਿਆ ਹੈ, ਜਿੱਥੇ ਮਰੀਜ਼ਾਂ ਅਤੇ ਉਨ੍ਹਾਂ ਦੀ ਬਿਮਾਰੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਇਸ ਦੌਰਾਨ ਸ੍ਰੀ ਸਿਸੋਦੀਆ ਨੇ ਕਿਹਾ ਕਿ ਮੁਹੱਲਾ ਕਲੀਨਿਕ ਕਿਸੇ ਵੀ ਬਿਮਾਰੀ ਦਾ ਪਤਾ ਲਗਾਉਣ ਲਈ ਪਹਿਲਾ ਪੁਆਇੰਟ ਹੈ। ਇਨ੍ਹਾਂ ਦੇ ‘ਡਿਜੀਟਾਈਜ਼ਡ’ ਹੋਣ ਤੋਂ ਬਾਅਦ ਇੱਥੋਂ ਆਉਣ ਵਾਲੇ ਡੇਟਾ ਦੀ ਵਰਤੋਂ ਦਿੱਲੀ ਵਿੱਚ ਕਿਸੇ ਵੀ ਜਗ੍ਹਾ ‘ਤੇ ਇਲਾਜ ਹੋਣ ਤੋਂ ਪਹਿਲਾਂ ਕਿਸੇ ਵੀ ਬਿਮਾਰੀ ਦੇ ਇਲਾਜ ਲਈ ਕੀਤੀ ਜਾਵੇਗੀ। ਡਾਕਟਰ ਨੂੰ ਇੱਕ ਕਲਿੱਕ ਰਾਹੀਂ ਮਰੀਜ਼ਾਂ ਦੀ ਸਾਰੀ ਮੈਡੀਕਲ ਹਿਸਟਰੀ ਵੀ ਪਤਾ ਲੱਗ ਜਾਵੇਗੀ।