ਪੱਤਰ ਪ੍ਰੇਰਕ
ਨਵੀਂ ਦਿੱਲੀ 30 ਮਾਰਚ
ਟਿਕਰੀ ਬਾਰਡਰ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਸਨਅਤੀ-ਮਜ਼ਦੂਰਾਂ ’ਤੇ ਆਪਣੇ ਕਾਲੇ ਕਾਨੂੰਨਾਂ ਦਾ ਕੁਹਾੜਾ ਚਲਾ ਰਹੀ ਹੈ ਜਿਵੇਂ ਕਿਰਤ ਕਾਨੂੰਨਾਂ ਵਿੱਚ ਸੋਧ ਕਰ ਕੇ ਜਾਂ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ‘ਚ ਲਿਆ ਕੇ ਕੀਤਾ ਹੈ। ਔਰਤ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਅੱਜ ਸਾਮਰਾਜੀ ਕਾਰਪੋਰੇਟ ਘਰਾਣਿਆਂ ਵੱਲੋਂ ਕਿਰਤੀ ਲੋਕਾਂ ’ਤੇ ਮੜੇ ਜਾ ਰਹੇ ਕਾਲੇ ਕਾਨੂੰਨ ਭਾਰਤ ਦੀ ਮਿਹਨਤਕਸ਼ ਲੋਕਾਈ ਦੀ ਮੌਤ ਦੇ ਵਾਰੰਟ ਹਨ। ਗੁਰਦੇਵ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਸਰਕਾਰਾਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਦੁਬਾਰਾ ਕਰੋਨਾ ਦੀ ਮਹਾਮਾਰੀ ਰਾਹੀਂ ਲਾਗੂ ਕਰਨ ਦਾ ਯਤਨ ਕਰ ਰਹੀਆਂ ਹਨ। ਕੈਪਟਨ ਅਤੇ ਮੋਦੀ ਹਕੂਮਤ ਸਰਕਾਰੀ ਅਦਾਰੇ ਵੇਚਣ ਦੇ ਰਾਹ ਪਈ ਹੋਈ ਹੈ। ਅੱਜ ਦੀ ਸਟੇਜ ਤੋਂ ਲੀਲਾ ਸਿੰਘ ਚੋਟੀਆਂ ਸੀਨੀਅਰ ਮੀਤ ਪ੍ਰਧਾਨ ਬਲਾਕ ਲਹਿਰਾਗਾਗਾ (ਸੰਗਰੂਰ), ਸਤਪਾਲ ਸਿੰਘ ਫਾਜ਼ਿਲਕਾ, ਜੋਗਿੰਦਰ ਸਿੰਘ ਦਿਆਲਪੁਰਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਾਨਸਾ, ਕੁਲਦੀਪ ਸਿੰਘ ਝਨੇਰ (ਅਹਿਮਦਗੜ੍ਹ), ਜੱਜ ਸਿੰਘ ਗਹਿਲ ਬਲਾਕ ਪ੍ਰਧਾਨ ਮਹਿਲਕਲਾਂ, ਮਾਸਟਰ ਨਛੱਤਰ ਸਿੰਘ ਟੱਡੇ, ਰਛਪਾਲ ਸਿੰਘ ਸੰਗਰੂਰ ਤੇ ਗੁਰਪਿੰਦਰ ਸਿੰਘ ਕੋਕਰੀ ਕਲਾਂ (ਮੋਗਾ) ਨੇ ਸੰਬੋਧਨ ਕੀਤਾ।