ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਪਰੈਲ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋਸ਼ ਲਾਇਆ ਗਿਆ ਕਿ ਜਦੋਂ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਕੇਂਦਰ ਸਰਕਾਰ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਾਰਦਾਨੇ ਦੀ ਮਾਰਕੀਟ ਵਿੱਚ ਸਮੇਂ ਸਿਰ ਪਹੁੰਚ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨ ਨੂੰ ਕਈ ਦਿਨਾਂ ਤੱਕ ਮੰਡੀ ਵਿੱਚ ਬਹਿਣਾ ਪੈ ਰਿਹਾ ਹੈ ਤੇ ਪਰਾਈਵੇਟ ਵਪਾਰੀਆਂ ਨੂੰ ਫਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਖੁਦ ਮੰਡੀ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ ਤੇ ਫਿਰ ਮੰਡੀਕਰਨ ਵਿਗੜਨ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਹੈ। ਜ਼ਬਰਦਸਤੀ ਸਿੱਧੀ ਅਦਾਇਗੀ ਕਰਨਾ ਅਤੇ ਜ਼ਮੀਨੀ ਰਿਕਾਰਡਾਂ ਦੀ ਮੰਗ ਕਰਨਾ ਵੀ ਇਸ ਦਿਸ਼ਾ ਵਿਚ ਇਕ ਕਦਮ ਹੈ, ਜਿਸ ਦਾ ਕਿਸਾਨ ਸਖ਼ਤ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਕਿਸਾਨ ਮੋਰਚਿਆਂ ’ਤੇ ਧੰਨਾ ਭਗਤ ਦਾ ਜਨਮ ਦਿਹਾੜਾ ਮਨਾਇਆ ਗਿਆ। ਧੰਨਾ ਭਗਤ ਜੀ ਦੇ ਪਿੰਡ ਤੋਂ ਕਿਸਾਨ-ਅੰਦੋਲਨ ਦੇ ਸਮਰਥਕ ਮਿੱਟੀ ਲੈ ਕੇ ਪਹੁੰਚੇ ਤੇ ਅੱਜ ਉਨ੍ਹਾਂ ਦੀ ਯਾਦ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮ ਕੀਤੇ ਗਏ। ਉਨ੍ਹਾਂ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਮਜ਼ਦੂਰਾਂ ਨੇ ਵਾਪਸ ਦਿੱਲੀ ਆਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਕਿਸਾਨ ਟਿਕਰੀ ਬਾਰਡਰ ’ਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਜਿਨ੍ਹਾਂ ਕਿਸਾਨਾਂ ਨੇ ਫਸਲ ਦੀ ਵਾਢੀ ਕਰ ਲਈ ਹੈ ਅਤੇ ਵੇਚ ਚੁੱਕੇ ਹਨ, ਉਹ ਸਿੰਘੂ ਮੋਰਚੇ ’ਤੇ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਪਰਵਾਸੀ ਮਜ਼ਦੂਰਾਂ ਦੇ ਦਿੱਲੀ ਅਤੇ ਨੇੜਲੇ ਇਲਾਕਿਆਂ ਤੋਂ ਘਰ ਵਾਪਸ ਜਾਣ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਾ ਹੈ। ਕਿਸਾਨ ਆਗੂਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਨ ਨੂੰ ਖਤਰੇ ਵਿਚ ਨਾ ਪਾਉਣ ਅਤੇ ਜਦੋਂ ਤੱਕ ਕਿਸਾਨ ਧਰਨੇ ’ਤੇ ਚੱਲ ਰਹੇ ਹਨ, ਪਰਵਾਸੀ ਮਜ਼ਦੂਰ ਵੀ ਇਥੇ ਸ਼ਾਮਲ ਹੋ ਸਕਦੇ ਹਨ। ਕਿਸਾਨ ਅਤੇ ਹੋਰ ਸਮਾਜ ਭਲਾਈ ਸੰਸਥਾਵਾਂ ਇੱਥੇ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰ ਰਹੀਆਂ ਹਨ।