ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਦਿੱਲੀ ਸਪੋਰਟਸ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਈਸਟ ਲੰਡਨ ਦਰਮਿਆਨ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਇਹ ਸਮਝੌਤਾ ਦੇਸ਼ ਭਰ ਵਿੱਚ ਵਿਸ਼ਵ ਪੱਧਰੀ ਖਿਡਾਰੀ ਪੈਦਾ ਕਰਨ ਦਾ ਸੁਫ਼ਨਾ ਪੂਰਾ ਕਰੇਗਾ। ਹਰ ਭਾਰਤੀ ਦੇ ਦਿਲ ਵਿਚ ਇਹ ਗੱਲ ਹਮੇਸ਼ਾ ਰਹਿੰਦੀ ਹੈ ਕਿ 130 ਕਰੋੜ ਲੋਕਾਂ ਦਾ ਦੇਸ਼ ਹੋਣ ਦੇ ਬਾਵਜੂਦ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿਚ ਉਹ ਕੁਝ ਹੀ ਤਗਮੇ ਜਿੱਤ ਸਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਖੇਡ ਨੀਤੀ ਦਾ ਉਦੇਸ਼ ਦਿੱਲੀ ਵਿੱਚ ਖੇਡ ਸੱਭਿਆਚਾਰ ਪੈਦਾ ਕਰਨਾ, ਖੇਡਾਂ ਨੂੰ ਗਰੀਬ ਬੱਚਿਆਂ ਤੱਕ ਪਹੁੰਚਾਉਣਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਲਈ ਵੱਧ ਤੋਂ ਵੱਧ ਤਗ਼ਮੇ ਲਿਆਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਪੋਰਟਸ ਯੂਨੀਵਰਸਿਟੀ ਦਿੱਲੀ ਦੀ ਨਹੀਂ ਪੂਰੇ ਦੇਸ਼ ਦੀ ਵਿਰਾਸਤ ਹੈ। ਦੇਸ਼ ਭਰ ਤੇ ਖੇਤਰ ਵਿੱਚ ਜਿੱਥੇ ਵੀ ਪ੍ਰਤਿਭਾ ਉਪਲਬਧ ਹੋਵੇਗੀ ਉਸ ਨੂੰ ਦਿੱਲੀ ਸਪੋਰਟਸ ਯੂਨੀਵਰਸਿਟੀ ਵਿੱਚ ਲਿਆਂਦਾ ਜਾਵੇਗਾ। ਦਿੱਲੀ ਸਪੋਰਟਸ ਯੂਨੀਵਰਸਿਟੀ ਤੇ ਈਸਟ ਲੰਡਨ ਯੂਨੀਵਰਸਿਟੀ, ਦਿੱਲੀ ਸਰਕਾਰ ਵਿਚਕਾਰ ਅੱਜ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਗਏ। ਚਾਣਕਿਆਪੁਰੀ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਭਾਰਤ ਅਤੇ ਯੂਕੇ ਦਰਮਿਆਨ ਉੱਚ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਉਦੇਸ਼ ਨਾਲ ਇਹ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਇਸ ਮੌਕੇ ਯੂਕੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਡਾਇਰੈਕਟਰ ਵਿਵਿਏਨ ਸਟਰਨ, ਬ੍ਰਿਟਿਸ਼ ਕੌਂਸਲ ਇੰਡੀਆ ਦੇ ਕੰਟਰੀ ਡਾਇਰੈਕਟਰ ਬਾਰਬਰਾ ਵਿੱਕਹਮ ਤੇ ਦਿੱਲੀ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਨਮ ਮੱਲੇਸ਼ਵਰੀ ਸਣੇ ਹੋਰ ਪਤਵੰਤੇ ਹਾਜ਼ਰ ਸਨ।