ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਦਿੱਲੀ ਦੇ ਵਿਕਾਸ ਮੰਤਰੀ ਗੋਪਾਲ ਰਾਏ ਨੇ ਅੱਜ ਅੰਬੇਡਕਰ ਕਾਲਜ, ਯਮੁਨਾ ਵਿਹਾਰ ਵਿੱਚ 100 ਬੈਡਾਂ ਵਾਲੇ ਕੋਵਿਡ -19 ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਸ੍ਰੀ ਰਾਏ ਨੇ ਦੱਸਿਆ ਕਿ ਜੀਟੀਬੀ ਹਸਪਤਾਲ ਨਾਲ ਜੁੜੇ ਇਸ ਕੇਂਦਰ ਵਿੱਚ 50 ਬਿਸਤਰੇ ਆਕਸੀਜਨ ਵਾਲੇ ਹਨ, ਜਦੋਂ ਕਿ 50 ਬੈੱਡ ਆਮ ਹਨ। ਕੋਈ ਵੀ ਕਰੋਨਾ ਮਰੀਜ਼ ਹੈਲਪਲਾਈਨ ਨੰਬਰ 9717490962 ’ਤੇ ਕਾਲ ਕਰ ਸਕਦਾ ਹੈ ਤੇ ਡਾਕਟਰ ਦੀ ਸਲਾਹ ਤੋਂ ਬਾਅਦ ਕੇਂਦਰ ਵਿੱਚ ਦਾਖ਼ਲ ਹੋ ਸਕਦਾ ਹੈ। ਦਿੱਲੀ ਸਰਕਾਰ ਨੇ ਕੇਂਦਰ ਵਿਚ ਡਾਕਟਰ, ਨਰਸਾਂ, ਮੈਡੀਕਲ ਸਟਾਫ, ਆਕਸੀਜਨ ਸਮੇਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ। ਇਸ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਲੋਕਾਂ ਨੂੰ ਇਕਾਂਤਵਾਸ ਹੋਣ ਵਿਚ ਮੁਸ਼ਕਲ ਪੇਸ਼ ਆ ਰਹੀ ਸੀ। ਇਹ ਕੇਂਦਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਖੋਲ੍ਹਿਆ ਗਿਆ ਹੈ। ਸ੍ਰੀ ਰਾਏ ਨੇ ਕਿਹਾ ਕਿ ਦਿੱਲੀ ਦੇ ਅੰਦਰ ਕਰੋਨਾ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਤੇ ਕਰੋਨਾ ਸੰਕਟ ਹੁਣ ਪਹਿਲਾਂ ਨਾਲੋਂ ਘੱਟ ਹੁੰਦਾ ਜਾ ਰਿਹਾ ਹੈ। ਫਿਰ ਵੀ ਅੱਜ ਇਥੇ ਇਕ ਕੋਵਿਡ -19 ਕੇਅਰ ਸੈਂਟਰ ਖੋਲ੍ਹਿਆ ਗਿਆ ਹੈ ਜਿਸ ਦੀ ਸ਼ੁਰੂਆਤ ਦਿੱਲੀ ਸਰਕਾਰ ਅਤੇ ਕੁਝ ਸਵੈ-ਸੇਵੀ ਸੰਸਥਾਵਾਂ ਨਾਲ ਮਿਲ ਕੇ ਕੀਤੀ ਹੈ।