ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਕਨਾਟ ਪਲੇਸ ਸਥਿਤ ਸਮੌਗ ਟਾਵਰ ਦਾ ਨਿਰੀਖਣ ਕਰਦਿਆਂ ਕਿਹਾ ਕਿ ਸਮੌਗ ਟਾਵਰ ਨੇ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਮੁੱਢਲੇ ਨਤੀਜੇ ਪ੍ਰਦੂਸ਼ਣ ਦੇ ਪੱਧਰ ਵਿੱਚ 80 ਫ਼ੀਸਦ ਕਮੀ ਦਰਸਾਉਂਦੇ ਹਨ। ਸ੍ਰੀ ਰਾਏ ਨੇ ਕਿਹਾ ਕਿ ਵਿਸ਼ਾਲ ਹਵਾ ਸ਼ੁੱਧ ਕਰਨ ਵਾਲੇ ਯੰਤਰ ਨੇ ਸ਼ੁੱਕਰਵਾਰ ਸਵੇਰੇ ਪੀਐੱਮ 2.5 ਦਾ ਪੱਧਰ 151 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘਟਾ ਕੇ 38 ਗ੍ਰਾਮ ਮੀਟਰ ਤੇ ਪੀਐੱਮ 10 ਗਾੜ੍ਹਾਪਣ ਨੂੰ 165 ਗ੍ਰਾਮ ਮੀਟਰ ਤੋਂ ਘਟਾ ਕੇ 41 ਗ੍ਰਾਮ ਮੀਟਰ ਕਰ ਦਿੱਤਾ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੁੱਢਲੇ ਨਤੀਜੇ ਦਰਸਾਉਂਦੇ ਹਨ ਕਿ ਪ੍ਰਦੂਸ਼ਣ ਦਾ ਪੱਧਰ 80 ਫ਼ੀਸਦ ਘੱਟ ਗਿਆ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਮੌਗ ਟਾਵਰ ਦੇ ਕੰਮਕਾਜ ਦੀ ਨਿਗਰਾਨੀ ਲਈ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ, ਆਈਆਈਟੀ-ਬੰਬੇ, ਐਨਬੀਸੀਸੀ ਤੇ ਟਾਟਾ ਪ੍ਰੋਜੈਕਟਾਂ ਦੇ ਮਾਹਿਰਾਂ ਦੀ 16 ਮੈਂਬਰੀ ਟੀਮ ਬਣਾਈ ਗਈ ਹੈ, ਜੋ ਤਿੰਨ ਮਹੀਨਿਆਂ ’ਚ ਆਪਣੀ ਪਹਿਲੀ ਰਿਪੋਰਟ ਪੇਸ਼ ਕਰੇਗੀ। ਦੋ ਸਾਲਾਂ ਦੇ ਅਧਿਐਨ ਦੇ ਨਤੀਜਿਆਂ ਦੇ ਆਧਾਰ ’ਤੇ ਸਰਕਾਰ ਇਸ ਤਰ੍ਹਾਂ ਦੇ ਹੋਰ ਸਮੌਗ ਟਾਵਰ ਸਥਾਪਤ ਕਰਨ ਦਾ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਸਮੌਗ ਟਾਵਰ ਵਿੱਚ ਦਾਖਲ ਹੋਣ ਵਾਲੀ ਹਵਾ ਵਿੱਚ ਪੀਐੱਮ 2.5 ਤੇ ਪੀਐੱਮ 10 ਦੀ ਗਾੜ੍ਹਾਪਣ ਨੂੰ ਮਾਪਣ ਲਈ ਉੱਪਰ ਤੇ ਹੇਠਾਂ ਸੈਂਸਰ ਲਗਾਏ ਗਏ ਹਨ। ਇਸ ਤੋਂ ਇਲਾਵਾ ਸਮੌਗ ਟਾਵਰ ਦੇ 40 ਪੱਖੇ ਤੇ 10,000 ਫਿਲਟਰ ਹਨ ਜੋ ਕਿ ਮਿਨੀਸੋਟਾ ਯੂਨੀਵਰਸਿਟੀ ਦੇ ਮਾਹਰਾਂ ਦੁਆਰਾ ਵਿਕਸਤ ਕੀਤੇ ਗਏ ਹਨ ਜਿਨ੍ਹਾਂ ਨੇ ਚੀਨ ਵਿੱਚ 100 ਮੀਟਰ ਉੱਚੇ ਸਮੌਗ ਟਾਵਰ ਨੂੰ ਡਿਜ਼ਾਈਨ ਕਰਨ ਵਿੱਚ ਵੀ ਸਹਾਇਤਾ ਕੀਤੀ ਸੀ।
ਅਧਿਕਾਰੀਆਂ ਅਨੁਸਾਰ ਮਾਹਰ ਪ੍ਰਭਾਵਸ਼ਾਲੀ ਖੇਤਰ ਤੇ ਘੱਟੋ-ਘੱਟ ਖਰਚਿਆਂ ’ਤੇ ਵਧੀਆ ਨਤੀਜਿਆਂ ਲਈ ਪੱਖੇ ਦੀ ਗਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ।