ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਦਿੱਲੀ-ਐਨਸੀਆਰ ਦੇ ਇਲਾਕਿਆਂ ਵਿਚਲੇ ਕੁਝ ਹਿੱਸਿਆਂ ਵਿੱਚ ਅੱਜ ਦੁਪਹਿਰ ਸਮੇਂ ਪਏ ਗੜੇ ਅਤੇ ਮੀਂਹ ਨੇ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਰੋਹਿਣੀ, ਪੀਤਮਪੁਰਾ ਤੇ ਪੱਛਮ ਵਿਹਾਰ ਵਿੱਚ ਦੁਪਹਿਰ ਲਗਪਗ ਦੋ ਵਜੇ ਮੀਂਹ ਤੇ ਤੇਜ਼ ਹਵਾਵਾਂ ਨਾਲ ਗੜੇ ਪੈਣ ਦੀ ਸੂਚਨਾ ਹੈ। ਇਸ ਤੋਂ ਪਹਿਲਾਂ ਸਵੇਰੇ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਪੀਲੀ ਚਿਤਾਵਨੀ ਤਹਿਤ ਕੌਮੀ ਰਾਜਧਾਨੀ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਨਾਲ ਧੂੜ ਦੇ ਤੂਫ਼ਾਨ, ਗਰਜ ਨਾਲ ਤੂਫ਼ਾਨ ਜਾਂ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਇਸ ਨੇ ਬਾਅਦ ਵਿੱਚ ਅਲਰਟ ਨੂੰ ਸੰਤਰੀ ਸ਼੍ਰੇਣੀ ਲਈ ਅਪਡੇਟ ਕੀਤਾ। ਦਿਨੋਂ ਦਿਨ ਵੱਧ ਰਹੇ ਤਾਪਮਾਨ ਅਤੇ ਲੂ ਨਾਲ ਜੂਝਣ ਮਗਰੋਂ ਰਾਜਧਾਨੀ ਦੇ ਵਸਨੀਕ ਹੁਣ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਪਏ ਮੀਂਹ ਤੋਂ ਖੁਸ਼ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਬਾਰਸ਼ਾਂ ਨਾਲ ਗਰਮ ਹਵਾਵਾਂ ਖ਼ਤਮ ਹੋ ਜਾਣਗੀਆਂ। ਦਿੱਲੀ ਐਨਸੀਆਰ ਵਿੱਚ ਅੱਜ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਕਿਉਂਕਿ ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਦੁਪਹਿਰ ਵੇਲੇ ਮੀਂਹ ਤੇ ਗੜੇਮਾਰੀ ਵੀ ਹੋਈ ਹੈ। ਇਸ ਦੌਰਾਨ ਦਿੱਲੀ ਦੇ ਲੋਕਾਂ ਨੇ ਤਿੱਖੀ ਗਰਮੀ ਦੇ ਦਿਨਾਂ ਤੋਂ ਬਾਅਦ ਰਾਜਧਾਨੀ ਵਿੱਚ ਬਾਰਸ਼ ਦੀਆਂ ਫੋਟੋਆਂ ਤੇ ਵੀਡੀਓ ਟਵਿੱਟਰ ’ਤੇ ਸ਼ੇਅਰ ਕੀਤੀਆਂ। ਮੌਸਮ ਵਿਭਾਗ ਮੌਸਮ ਚਿਤਾਵਨੀਆਂ ਲਈ ਚਾਰ ਰੰਗਾਂ ਦੇ ਕੋਡਾਂ ਦੀ ਵਰਤੋਂ ਕਰਦਾ ਹੈ: ‘ਹਰਾ’ (ਕੋਈ ਕਾਰਵਾਈ ਦੀ ਲੋੜ ਨਹੀਂ), ‘ਪੀਲਾ’ (ਦੇਖੋ ਤੇ ਅਪਡੇਟ ਰਹੋ) ‘ਸੰਤਰੀ’ (ਤਿਆਰ ਰਹੋ) ਤੇ ‘ਲਾਲ’ (ਕਾਰਵਾਈ ਕਰੋ)। ਦਿੱਲੀ ਦੇ ਬੇਸ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ ’ਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਘੱਟੋ-ਘੱਟ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਚਾਰ ਡਿਗਰੀ ਵੱਧ ਸੀ।