ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਕਮੇਟੀ ਦੀਆਂ ਆਉਂਦੀਆਂ ਚੋਣਾਂ ਪਹਿਲੇ ਪ੍ਰਧਾਨਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ, ਕਾਂਗਰਸ ਤੇਅ ਉਸ ਦੇ ਏਜੰਟ ਬਨਾਮ ਸਿੱਖ ਪੰਥ ਵਿਚਕਾਰ ਹੋਣਗੀਆਂ। ਸ੍ਰੀ ਕਾਲਕਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖ ਪੰਥ ਨੇ ਵੇਖ ਲਿਆ ਹੈ ਕਿ ਕਿਵੇਂ ਪਿਛਲੇ ਰਹੇ ਪ੍ਰਧਾਨਾਂ ਨੇ ਸਿੱਖ ਕੌਮ ਤੇ ਗੁਰੂ ਘਰਾਂ ਦੇ ਸਰਮਾਏ ਦੀ ਲੁੱਟ ਖਸੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਇਹ ਸੇਵਾ ਗੁਰੂ ਘਰਾਂ ਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਅਤੇ ਸੰਗਤ ਦੇ ਇਕ-ਇਕ ਪੈਸੇ ਦੀ ਵਰਤੋਂ ਦਾ ਹਿਸਾਬ ਰੱਖਣ ਵਾਸਤੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਫਸੋਸਜਨਕ ਗੱਲ ਹੈ ਕਿ ਇਨ੍ਹਾਂ ਲੋਕਾਂ ਨੇ ਬਜਾਏ ਗੁਰੂ ਘਰ ਦੀ ਸੇਵਾ ਕਰਨ ਦੇ ਗੁਰੂ ਦੀ ਗੋਲਕ ਨੂੰ ਆਪਣਾ ਸਰਮਾਇਆ ਸਮਝ ਲਿਆ ਤੇ ਉਸ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹਿਰਦੇ ਉਦੋਂ ਵਲੂੰਧਰੇ ਗਏ ਜਦੋਂ ਗੋਲਕ ਚੋਰੀ ਦੇ ਦੋਸ਼ਾਂ ਵਿੱਚ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਅਦਾਲਤਾਂ ਵਿਚ ਮੁਕੱਦਮੇ ਸ਼ੁਰੂ ਹੋ ਗਏ। ਸ੍ਰੀ ਕਾਲਕਾ ਨੇ ਕਿਹਾ ਕਿ ਭਾਵੇਂ ਅਦਾਲਤ ਦਾ ਫੈਸਲਾ ਸਿਰ ਮੱਥੇ ਹੋਵੇਗਾ ਪਰ ਗੁਰੂ ਘਰਾਂ ਦੀ ਗੋਲਕ ਦਾ ਲੁੱਟ ਦਾ ਮੁਕੱਦਮਾ ਚਲੱਣਾ ਹੀ ਆਪਣੇ ਆਪ ਵਿੱਚ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਅਸਲ ਵਿੱਚ ਗੋਲਕ ਦੀ ਲੁੱਟ ਬਨਾਮ ਸੇਵਾ ਦੇ ਨਾਮ ‘ਤੇ ਹੋਣਗੀਆਂ।