ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਅੱਜ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਕੀਤੀ ਗੋਲਕ ਚੋਰੀ ਦੇ ਵੇਰਵੇ ਜਨਤਕ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਵੱਖ-ਵੱਖ ਬਿੱਲ ਪਾਸ ਕਰ ਕੇ ਗੋਲਕ ਚੋਰੀ ਕੀਤੀ।ਇਥੇ ਪ੍ਰੈੱਸ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਅਤੇ ਸੋਸ਼ਲ ਮੀਡੀਆ ਬੁਲਾਰੇ ਗਗਨਦੀਪ ਸਿੰਘ ਬਿੰਦਰਾ ਨੇ ਮਨਜੀਤ ਸਿੰਘ ਜੀਕੇ ਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੁੰਦਿਆਂ ਪਾਸ ਕੀਤੇ ਗਏ ਬਿੱਲਾਂ ਦੀਆਂ ਕਾਪੀਆਂ ਜਨਤਕ ਤੌਰ ‘ਤੇ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਸ੍ਰੀ ਜੀਕੇ ਨੇ ਬਿਨਾਂ ਕੰਮਾਂ ਦੇ ਬਿੱਲ ਪਾਸ ਕਰ ਕੇ ਗੋਲਕ ਚੋਰੀ ਕੀਤੀ ਹੈ। ਅਕਾਲੀ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੀਕੇ ਵੱਲੋਂ ਕੀਤੀ ਇਸ ਗੋਲਕ ਚੋਰੀ ਦੇ ਵੇਰਵੇ ਸਾਰੀ ਸੰਗਤ ਸਾਹਮਣੇ ਰੱਖੇਗਾ ਤੇ ਇਸ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਹਰ ਹਲਕੇ ਵਿਚ ਘਰ-ਘਰ ਜਾ ਕੇ ਗੋਲਕ ਚੋਰੀ ਦੇ ਵੇਰਵੇ ਜਨਤਕ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੀਕੇ ਦੀ ਗੋਲਕ ਚੋਰੀ ਖਿਲਾਫ ਉਸ ਦੇ ਘਰ ਅੱਗੇ ਧਰਨਾ ਦੇਣਗੇ ਤੇ ਜਦੋਂ ਤੱਕ ਜੀਕੇ ਵੱਲੋਂ ਇਸ ਦੇ ਵੇਰਵੇ ਆਪ ਸੰਗਤ ਕੋਲ ਰੱਖ ਕੇ ਇਸ ਦੀ ਮੁਆਫ਼ੀ ਨਹੀਂ ਮੰਗੀ ਜਾਂਦੀ ਤੇ ਗੋਲਕ ਦੇ ਪੈਸੇ ਵਾਪਸ ਨਹੀਂ ਕੀਤੇ ਜਾਂਦੇ। ਇਹ ਧਰਨੇ ਤੇ ਮੁਜ਼ਾਹਰੇ ਜਾਰੀ ਰਹਿਣਗੇ। ਸ੍ਰੀ ਬਿੰਦਰਾ ਨੇ ਕਿਹਾ ਕਿ ਹੈਰਾਨੀ ਦsੀ ਗੱਲ ਹੈ ਕਿ ਜੀਕੇ ਵੱਲੋਂ ਗੋਲਕ ਚੋਰੀ ਕਰਨ ਦੇ ਬਾਵਜੂਦ ਆਪਣੀ ਜਾਗੋ ਪਾਰਟੀ ਬਣਾ ਕੇ ਆਪਣੇ ਆਪ ਨੂੰ ਸੰਗਤ ਸਾਹਮਣੇ ਦੁੱਧ ਧੋਤਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਅਸਲੀਅਤ ਇਹ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿਚ ਉਹ ਪਹਿਲੇ ਆਗੂ ਹਨ ਜਿਨ੍ਹਾਂ ਨੇ ਗੋਲਕ ਚੋਰੀ ਕੀਤੀ ਤੇ ਇਸ ਚੋਰੀ ਦਾ ਕੇਸ ਅਦਾਲਤ ਵਿਚ ਚਲ ਰਿਹਾ ਹੈ। ਇਸ ਮੌਕੇ ਐਡਵੋਕੇਟ ਸਤਿੰਦਰ ਸਿੰਘ ਚੌਧਰੀ, ਰਾਜਿੰਦਰ ਸਿੰਘ ਸ਼ਾਨ, ਬਬਿੇਕ ਸਿੰਘ ਮਾਟਾ ਵੀ ਮੌਜੂਦ ਸਨ।