ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਹਿਰਾਸਤੀ ਪੁੱਛ ਗਿੱਛ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਕੋਲੋਂ ਗੁਰੂ ਦੀ ਗੋਲਕ ਦਾ ਲੁੱਟਿਆ ਪੈਸਾ ਬਰਾਮਦ ਕੀਤਾ ਜਾ ਸਕੇ। ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਪਟਿਆਲਾ ਹਾਊਸ ਕੋਰਟ ਦਿੱਲੀ ਦੀ ਅਦਾਲਤ ਦੇ ਜੱਜ ਪਵਨ ਸਿੰਘ ਰਾਜਾਵਤ ਨੇ ਮਨਜੀਤ ਸਿੰਘ ਜੀਕੇ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਹਿਰਾਸਤੀ ਪੁੱਛ ਗਿੱਛ ਕਰਨ ਅਤੇ ਉਨ੍ਹਾਂ ਦੀ ਰਿਹਾਇਸ਼ ਤੇ ਹੋਰ ਠਿਕਾਣਿਆਂ ਦੀ ਤਲਾਸ਼ੀ ਲਏ ਜਾਣ ਦੇ ਹੁਕਮ ਦਿੱਤੇ ਹਨ ਤਾਂ ਜੋ ਲੁੱਟਿਆ ਗਿਆ ਪੈਸਾ ਵਸੂਲਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੀਕੇ ਤੇ ਉਨ੍ਹਾਂ ਦੇ ਪੀਏ ਪਰਮਜੀਵਨਜੋਤ ਸਿੰਘ ਨੇ 80 ਲੱਖ ਰੁਪਏ ਤੇ ਹਜ਼ਾਰਾਂ ਡਾਲਰ ਸੰਗਤ ਦਾ ਪੈਸਾ ਲੁੱਟਿਆ। ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਮਨਜੀਤ ਸਿੰਘ ਜੀਕੇ ਨੇ ਖੁਦ ਅਤੇ ਆਪਣੇ ਪੀਏ ਪਰਮਜੀਵਨਜੋਤ ਸਿੰਘ ਰਾਹੀਂ ਗੁਰੂ ਦੀ ਗੋਲਕ ਦੀ ਲੁੱਟ ਕੀਤੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੀਕੇ ਦੀ ਗ੍ਰਿਫਤਾਰੀ ਬਿਨਾਂ ਦੇਰੀ ਦੇ ਕੀਤੀ ਜਾਣੀ ਬਹੁਤ ਜ਼ਰੂਰੀ ਹੈ ਤੇ ਉਸ ਦੀ ਹਿਰਾਸਤੀ ਪੁੱਛ ਗਿੱਛ ਹੋਣੀ ਚਾਹੀਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਅਸਲ ਰਸੀਦਾਂ ਤਾਂ ਪੁਲੀਸ ਕੋਲ ਹਨ ਤੇ ਦੋਵਾਂ ਆਗੂਆਂ ਨੇ ‘ਵੋਚਰਾਂ’ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਦਸਤਾਵੇਜ਼ਾ ਦੀਆਂ ਕਾਪੀਆਂ ਮੀਡੀਆ ਨੂੰ ਵਿਖਾਈਆਂ ਜਿਨ੍ਹਾਂ ਰਾਹੀਂ ਜੀਕੇ ਤੇ ਉਨ੍ਹਾਂ ਦੇ ਪੀਏ ਨੇ 50 ਲੱਖ ਰੁਪਏ, 30 ਲੱਖ ਰੁਪਏ ਅਤੇ 13 ਲੱਖ 65 ਰੁਪਏ ਤੇ ਹਜ਼ਾਰਾਂ ਡਾਲਰ ਕੱਢਵਾਏ। ਉਨ੍ਹਾਂ ਦੱਸਿਆ ਕਿ ਕਿਵੇਂ ਜੀਕੇ ਨੇ ਧਰਮ ਪ੍ਰਚਾਰ ਦਾ ਬਹਾਨਾ ਬਣਾ ਕੇ ਦੌਰੇ ਕੀਤੇ। ਹੁਣ ਜਦੋਂ ਅਦਾਲਤ ਵਿੱਚ ਜੀਕੇ ਖਿਲਾਫ ਕੇਸ ਦਰਜ ਕਰਨ, ਉਸ ਦੀ ਹਿਰਾਸਤੀ ਪੁੱਛ ਗਿੱਛ ਕਰਨ ਤੇ ਲੁੱਟਿਆ ਪੈਸਾ ਬਰਾਮਦ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਤੇ ਹੋਰ ਠਿਕਾਣਿਆਂ ਦੀ ਤਲਾਸ਼ੀ ਲੈਣ ਦੇ ਹੁਕਮ ਜਾਰੀ ਕੀਤੇ ਹਨ। ਪ੍ਰਧਾਨ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਜੀਕੇ ਨੇ ਜੋ ਕੀਤਾ, ਉਸ ਨਾਲ ਕਮੇਟੀ ਨੂੰ ਸ਼ਰਮਸਾਰ ਹੋਣਾ ਪਿਆ। ਸਰਨਿਆਂ ’ਤੇ ਵਰ੍ਹਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਦਾਲਤ ਨੇ ਜਿਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ, ਸਰਨਾ ਭਰਾ ਉਸ ਨੂੰ ਕਲੀਨ ਚਿੱਟ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਨਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਸੰਗਤ ਦੀ ਸੇਵਾ ਨਾਲ ਕਮਾਇਆ ਸੀ, ਜੀਕੇ ਦੀਆਂ ਕਰਤੂਤਾਂ ਤੇ ਭ੍ਰਿਸ਼ਟਾਚਾਰ ਨਾਲ ਭਰਿਆ ਉਨ੍ਹਾਂ ਦਾ ਕਾਰਜਕਾਲ ਉਸ ’ਤੇ ਕਲੰਕ ਲਗਾ ਰਹੇ ਹਨ।
ਸਰਨਾ ਨੇ ਸਿਰਸਾ ਦਾ ਅਸਤੀਫ਼ਾ ਮੰਗਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਉਧਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਮਨਜੀਤ ਸਿੰਘ ਜੀ ਕੇ ਖ਼ਿਲਾਫ਼ ਆਏ ਅਦਾਲਤੀ ਹੁਕਮ ਅਜੇ ਪੜ੍ਹਿਆ ਨਹੀਂ ਤੇ ਪੜ੍ਹ ਕੇ ਹੀ ਟਿੱਪਣੀ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਹ ਮਾਮਲਾ 2013 ਦੇ ਬਿੱਲਾਂ ਬਾਰੇ ਹੈ, ਜਿਸ ਵਿੱਚ ਕਰੋੜਾਂ ਦਾ ਬਿੱਲ ਵੱਖ ਵੱਖ ਕੰਪਨੀਆਂ ਨੂੰ ਬਿਨਾਂ ਵੈਟ, ਜੀਐੱਸਟੀ ਆਦਿ ਤੋਂ ਪਾਸ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਜੇ ਗੁਰੂ ਦੀ ਗੋਲਕ ਨੂੰ ਉਸ ਦੇ ਰਾਜਨੀਤਿਕ ਜਲਸਿਆਂ ’ਤੇ ਇਸ ਤਰ੍ਹਾਂ ਉਡਾਇਆ ਜਾਵੇਗਾ ਆਪਣੇ ਰਾਜਨੀਤਿਕ ਲਾਲਚ ਲਈ ਵਰਤਿਆ ਜਾਵੇਗਾ ਤਾਂ ਸਾਡੇ ਗੁਰੂ ਘਰਾਂ ਦੀ ਇਹੋ ਸਥਿਤੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਸੁਖਬੀਰ ਬਾਦਲ ਨੂੰ ਨੈਤਿਕਤਾ ਦੇ ਅਧਾਰ ਤੇ ਮਨਜਿੰਦਰ ਸਿਰਸਾ ਨੂੰ ਤੁਰੰਤ ਕੱਢਣਾ ਚਾਹੀਦਾ ਹੈ ਤੇ ਇਹ ਪਾਰਟੀ ਤੇ ‘ਡੀਐੱਸਜੀਐੱਮਸੀ’ ਦੋਵਾਂ ਅਹੁਦਿਆਂ ਤੋਂ ਹੋਵੇ। ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਅਧਿਆਪਕ, ਕਰਮਚਾਰੀ ਸੜਕਾਂ ’ਤੇ ਹਨ ਅਤੇ ਇਹ ਰਾਜਨੀਤੀ ਵਿਚ ਰੁੱਝੇ ਹੋਏ ਹਨ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਕਰਤਾਰ ਸਿੰਘ ਚਾਵਲਾ,ਜਨਰਲ ਸੱਕਤਰ ਹਰਮੀਤ ਕੌਰ, ਭੁਪਿੰਦਰ ਸਿੰਘ ਹਾਜ਼ਰ ਸਨ।
ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਵਾਂਗੇ: ਜੀਕੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ਪਟਿਆਲਾ ਹਾਊਸ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਖ਼ਿਲਾਫ਼ ਅੱਜ ਐਫਆਈਆਰ ਦਰਜ ਕਰਨ ਦੇ ਦਿੱਤੇ ਆਦੇਸ਼ ਉੱਤੇ ਜੀਕੇ ਨੇ ਦੱਸਿਆ ਕਿ ਕਮੇਟੀ ਵੱਲੋਂ ਉਨ੍ਹਾਂ ਖ਼ਿਲਾਫ਼ 30 ਮਈ 2019 ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦਾਅਵੇ ਦੇ ਨਾਲ 4 ਦੋਸ਼ ਲਗਾ ਕੇ ਥਾਣਾ ਨਾਰਥ ਐਵਿਨਿਊ ਵਿੱਚ ਸ਼ਿਕਾਇਤ ਦਿੱਤੀ ਗਈ ਸੀ। ਜਿਸ ’ਤੇ ਹੁਣ ਤੱਕ ਥਾਣਾ ਨਾਰਥ ਐਵਿਨਿਊ, ਪ੍ਰਤੱਖ ਜਾਂਚ ਇਕਾਈ (ਡੀਆਈਯੂ) ਤੇ ਆਰਥਿਕ ਅਪਰਾਧ ਸ਼ਾਖਾ ਜਾਂਚ ਖ਼ਤਮ ਕਰ ਚੁੱਕੇ ਹਨ। ‘ਜਾਗੋ’ ਦੇ ਪ੍ਰਧਾਨ ਜੀਕੇ ਨੇ ਇਸ ਮਾਮਲੇ ’ਚ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ ਵੱਲੋਂ ਆਪਣੇ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ‘ਤੇ ਅੱਜ ਐਫਆਈਆਰ ਦਰਜ ਹੋਣ ਤੱਕ ਲੱਗੇ ਡੇਢ ਸਾਲ ਦੌਰਾਨ ਵੱਖ-ਵੱਖ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਦੀ ਜਾਣਕਾਰੀ ਦਿੱਤੀ। ਜੀਕੇ ਨੇ ਕਿਹਾ ਕਿ ਸ਼ਾਖਾ ਨੇ ਉਸ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈਂ ਪਰ ਅਦਾਲਤ ਨੇ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਅਦਾਲਤ ਦੇ ਫ਼ੈਸਲੇ ਉੱਤੇ ਸਵਾਲ ਚੁੱਕਣ ਦੀ ਬਜਾਏ ਵਕੀਲ ਇਸ ਫ਼ੈਸਲੇ ਨੂੰ ਉਪਰੀ ਅਦਾਲਤ ਵਿੱਚ ਚੁਣੌਤੀ ਦੇਣਗੇ। ਇਸ ਤੋਂ ਪਹਿਲਾਂ ਗੁਰਮੀਤ ਸਿੰਘ ਸ਼ੰਟੀ ਵੱਲੋਂ ਗੰਭੀਰ ਦੋਸ਼ ਲਾ ਕੇ ਪਟਿਆਲਾ ਹਾਊਸ ਅਦਾਲਤ ਵਿੱਚ ਕੇਸ ਸ੍ਰੀ ਜੀਕੇ ਖ਼ਿਲਾਫ਼ ਦਾਇਰ ਕੀਤਾ ਗਿਆ ਸੀ ਜੋ ਹੁਣ ਸਰਨਾ ਧੜੇ ਵਿੱਚ ਚਲੇ ਗਏ ਹਨ।