ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੂੰ ਭਾਈ ਤਾਰੂ ਸਿੰਘ ਦੀ ਸ਼ਹਾਦਤ ’ਤੇ ਰਾਜਨੀਤੀ ਕਰਨ ਤੋਂ ਸ਼ਰਮ ਕਰਨੀ ਚਾਹੀਦੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਲਾਹੌਰ ਵਿਚ ਭਾਈ ਤਾਰੂ ਸਿੰਘ ਦੀ ਸ਼ਹੀਦੀ ਯਾਦਗਾਰ ਨੂੰ ਮਸਜਿਦ ਵਿਚ ਬਦਲਣ ’ਤੇ ਚੁੱਪੀ ਧਾਰਨ ਕਰਨ ਵਾਲੇ ਸਰਨਾ ਤੇ ਜੀਕੇ ਨੂੰ ਸਿੱਖ ਕੌਮ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੂੰ ਮਸਜਿਦ ਵਿਚ ਬਦਲਣ ਦੇ ਯਤਨ ਕੀਤੇ ਜਾ ਰਹੇ ਸਨ ਤਾਂ ਉਨ੍ਹਾਂ ਚੁੱਪੀ ਕਿਉਂ ਧਾਰੀ। ਉਨ੍ਹਾਂ ਕਿਹਾ ਕਿ ਸਾਰੀ ਸਿੱਖ ਕੌਮ ਇਹ ਸਮਝਦੀ ਹੈ ਕਿ ਭਾਈ ਤਾਰੂ ਸਿੰਘ ਦੀ ਸ਼ਹੀਦੀ ਯਾਦਗਾਰ ਨੂੰ ਮਸਜਿਦ ਵਿਚ ਬਦਲਣ ਦਾ ਵਿਰੋਧ ਕਰਨ ਅਤੇ ਇਸ ਮਾਮਲੇ ’ਤੇ ਭਾਰਤ ਸਰਕਾਰ ਤੋਂ ਪਾਕਿਸਤਾਨ ਸਰਕਾਰ ’ਤੇ ਦਬਾਅ ਪੁਆਉਣ ਤੇ ਇਨ੍ਹਾਂ ਯਤਨਾਂ ਨੂੰ ਅਸਫਲ ਕਰਨ ’ਤੇ ਉਨ੍ਹਾਂ ਦੀ ਸਫ਼ਲਤਾ ਤੋਂ ਇਹ ਦੋਵੇਂ ਆਗੂ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਪਰਮਜੀਤ ਸਿੰਘ ਸਰਨਾ ਗਾਂਧੀ ਪਰਿਵਾਰ ਦਾ ਝੋਲੀ ਚੁੱਕ ਹੈ। ਤੇ ਇਸੇ ਕਰ ਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦਾ ਧਾਰਮਿਕ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੱਚਾਈ ਵੀ ਕਿਸੇ ਤੋਂ ਛੁਪੀ ਨਹੀਂ ਕਿ ਮਨਜੀਤ ਸਿੰਘ ਜੀਕੇ ਦੀ ਪਰਮਜੀਤ ਸਿੰਘ ਸਰਨਾ ਨਾਲ ਤਾਜ਼ੀ ਤਾਜ਼ੀ ਯਾਰੀ ਪਈ ਹੈ ਤੇ ਜੀਕੇ ਉਹੀ ਕੁਝ ਕਰਦੇ ਹਨ ਜੋ ਸਰਨਾ ਕਹਿੰਦੇ ਹਨ।
ਸਿਰਸਾ ਨੇ ਬੇਅਦਬੀ ਕੀਤੀ: ਜੀਕੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਕੇ ਇੱਕ ਤਰ੍ਹਾਂ ਬੇਅਦਬੀ ਕਰ ਦਿੱਤੀ ਹੈ। ਮਨਜੀਤ ਸਿੰਘ ਜੀਕੇ ਨੇ ਇਹ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਿੱਖ ਇਤਿਹਾਸ ਵਿੱਚ ਕਈ ਵਾਰ ਮਿਲਾਵਟ ਕਰਨ ਦੇ ਬਾਅਦ ਹੁਣ ਸਿਰਸਾ ਨੇ ਆਪਣੀ ਗ਼ਲਤੀ ਨੂੰ ਦੂਸਰਿਆਂ ਉੱਤੇ ਪਾਉਂਦੇ ਹੋਏ ਇੱਕ ਤਰ੍ਹਾਂ ਨਾਲ ਜਥੇਦਾਰ ਅਤੇ ਉਨ੍ਹਾਂ ਦੇ ਪੱਤਰ ਨੂੰ ਝੂਠਾ ਦੱਸਣ ਦੀ ਗੁਸਤਾਖ਼ੀ ਕੀਤੀ ਹੈ। ਹਾਲਾਂਕਿ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਸਾ ਤੋਂ ਗ਼ਲਤ ਇਤਿਹਾਸ ਦਾ ਸਰੋਤ ਬਾਕਾਇਦਾ ਪੱਤਰ ਭੇਜ ਕੇ ਪੁੱਛਿਆ ਗਿਆ ਸੀ ਅਤੇ ਇਤਿਹਾਸ ਦੇ ਬਾਰੇ ਨਾ ਬੋਲਣ ਦੀ ਹਦਾਇਤ ਵੀ ਦਿੱਤੀ ਗਈ ਸੀ, ਪਰ ਸਿਰਸਾ ਹੁਣ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਗ਼ਲਤ ਇਤਿਹਾਸ ਬੋਲਣ ਦੇ ਬਾਰੇ ਵਿਰੋਧੀ ਪਾਰਟੀਆਂ ਗੁਮਰਾਹਕੁਨ ਪ੍ਰਚਾਰ ਕਰ ਰਹੀਆਂ ਹਨ। ਇਸ ਲਈ ਜਥੇਦਾਰ ਉਲਟਾ ਵਿਰੋਧੀ ਨੇਤਾਵਾਂ ਦੇ ਖ਼ਿਲਾਫ਼ ਕਾਰਵਾਈ ਕਰਨ। ਜੀਕੇ ਨੇ ਸਿਰਸਾ ਤੋਂ ਪੁੱਛਿਆ ਕਿ ਕੀ ਗ਼ਲਤ ਇਤਿਹਾਸ ਬੋਲਦੀ ਉਨ੍ਹਾਂ ਦੀ ਜ਼ੁਬਾਨ ਅਤੇ ਕਲਮ ਦੀ ਕੋਈ ਤਾਰ ਵਿਰੋਧੀਆਂ ਦੇ ਕੋਲ ਹੈ।