ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਕਤੂਬਰ
ਦਿੱਲੀ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਬੇਮੌਸਮੇ ਮੀਂਹ ਕਾਰਨ ਪ੍ਰਭਾਵਿਤ ਹੋਈ ਫਸਲ ਦੀ ਗਿਰਦਾਵਰੀ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਡਿਵੀਜ਼ਨਲ ਕਮਿਸ਼ਨਰ ਕੇਆਰ ਮੀਨਾ ਨੂੰ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿਰਦੇਸ਼ ਜਾਰੀ ਕਰਨ ਲਈ ਪੱਤਰ ਲਿਖਿਆ ਹੈ। ਕੈਲਾਸ਼ ਗਹਿਲੋਤ ਨੇ ਇੱਕ ਟਵੀਟ ਵਿੱਚ ਕਿਹਾ ਕਿ ਦਿੱਲੀ ਵਿੱਚ ਬੇਮੌਸਮੀ ਬਾਰਸ਼ ਕਾਰਨ, ਵਾਹੀਯੋਗ ਜ਼ਮੀਨ ਵਿੱਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ। ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਸਰਵੇਖਣ ਕਰਨ ਅਤੇ ਰੋਕਥਾਮ ਉਪਾਵਾਂ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਦਿੱਲੀ ਦੇ ਨਜਫ਼ਗੜ੍ਹ ਤੇ ਨਰੇਲਾ ਇਲਾਕੇ ਵਿੱਚ ਖੇਤੀ ਹੁੰਦੀ ਹੈ ਜਿੱਥੋਂ ਦੇ ਕਿਸਾਨਾਂ ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੇ ਝੋਨੇ ਤੇ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਨੂੰ ਖਾਸਾ ਨੁਕਸਾਨ ਹੋਇਆ ਹੈ। ਦਿੱਲੀ ਵਿੱਚ ਕੁੱਲ ਖੇਤਰ ਦਾ 25 ਫ਼ੀਸਦੀ ਖੇਤਰ ਹੀ ਪੇਂਡੂ ਇਲਾਕਾ ਹੈ ਜਦੋਂ ਕਿ 75 ਫ਼ੀਸਦ ਖੇਤਰ ਸ਼ਹਿਰੀ/ਅਰਧ ਸ਼ਹਿਰੀ ਬਣ ਚੁੱਕਾ ਹੈ। 1981 ਵਿੱਚ ਦਿੱਲੀ ਅੰਦਰ 214 ਪਿੰਡ ਸਨ ਜੋ 2011 ਵਿੱਚ 112 ਹੀ ਰਹਿ ਗਏ ਹਨ। ਅੰਕੜਿਆਂ ਮੁਤਾਬਕ 2000-01 ਦੌਰਾਨ ਕੁੱਲ ਫਸਲੀ ਰਕਬਾ 52817 ਸੀ ਜੋ 2019-20 ਵਿੱਚ ਘਟ ਕੇ 34750 ਹੈਕਟੇਅਰ ਰਹਿ ਗਿਆ।
ਇਸ ਦੌਰਾਨ ਫਸਲੀ ਰਕਬੇ ਵਿੱਚ 1.80 ਫ਼ੀਸਦੀ ਸਲਾਨਾ ਦੀ ਦਰ ਨਾਲ ਕਮੀ ਆਈ ਤੇ ਸ਼ਹਿਰੀਕਰਨ ਵੱਲ ਪੇਂਡੂ ਖੇਤਰ ਵੱਧੇ। ਮਾਲ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਹਰ ਹਾਲਤ ਵਿੱਚ ਦਿੱਲੀ ਵਾਸੀਆਂ ਤੇ ਕਿਸਾਨਾਂ ਨਾਲ ਖੜ੍ਹੀ ਹੈ।