ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਾਰਚ
ਇਥੇ 16 ਵਰ੍ਹਿਆਂ ਤੋਂ ਸਕੂਲੀ ਅਤੇ ਕਾਲਜੀ ਵਿਦਿਆਰਥੀਆਂ ਦੇ ਪੱਧਰ ’ਤੇ ਕਾਰਜਸ਼ੀਲ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਪ੍ਰਕਾਸ਼ ਸਿੰਘ ਗਿੱਲ, ਸੁਨੀਲ ਕੁਮਾਰ ਬੇਦੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵਾਲੇ ਵੀ ਹਾਜ਼ਰ ਸਨ। ਇਸ ਦੌਰਾਨ ਪ੍ਰਕਾਸ਼ ਗਿੱਲ ਨੇ ਸਿੰਘ ਸਾਹਿਬ ਨੂੰ ਆਪਣੀ ਸੰਸਥਾ ਵੱਲੋਂ ਦਿੱਲੀ ਵਿਚ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਕਰੋਨਾ ਕਾਲ ਵਿਚ ਸੰਸਥਾ ਵੱਲੋਂ ਆਰੰਭ ਕੀਤੇ ਗਏ ਈ-ਪੇਪਰ ‘ਸੰਦੇਸ਼’ ਅਤੇ ਪੰਜਾਬੀ ਭਾਸ਼ਾ ਰਾਹੀਂ ਆਈ.ਏ.ਐੱਸ. ਕਿਵੇਂ ਬਣੀਏ ਦਾ ‘ਕਿਤਾਬਚਾ’ ਭੇਟ ਵੀ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਤੱਕ ਪੰਜਾਬੀ ਭਾਸ਼ਾ ਰਾਹੀਂ ਸਿਵਲ ਸੇਵਾਵਾਂ ਵਿਚ ਆਉਣ ਵਾਲੇ ਨੌਜਵਾਨਾਂ ਵਰਿੰਦਰ ਸ਼ਰਮਾ, ਕੁਲਵੰਤ ਸਿੰਘ, ਬਲਵਿੰਦਰ ਧਾਲੀਵਾਲ, ਜਸਮੀਤ ਸੰਧੂ, ਰਵਿੰਦਰ ਸਿੰਘ, ਤੇਗਬੀਰ ਸੰਧੂ ਅਤੇ ਡਾ. ਬਲਪ੍ਰੀਤ ਬਾਰੇ ਵੀ ਸ੍ਰੀ ਗਿੱਲ ਨੇ ਸਿੰਘ ਸਾਹਿਬ ਨੂੰ ਜਾਣਕਾਰੀ ਦਿੱਤੀ। ਸਿੰਘ ਸਾਹਿਬ ਨੇ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਨੂੰ ਦੱਸਿਆ ਕਿ ਇਹ ਕਿਤਾਬਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਬੰਧਤ ਕਾਲਜਾਂ ਵਿਚ ਵੀ ਪਹੁੰਚਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕਾਰਜਾਂ ਲਈ ਸੰਸਥਾ ਦੀ ਸ਼ਲਾਘਾ ਕੀਤੀ। ਮਹੰਤ ਕਰਮਜੀਤ ਸਿੰਘ ਯਮੁਨਾਨਗਰ ਨੇ ਆਪਣੇ ਇਥੇ ਸਥਿਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਬਾਬਤ ਜਾਣਕਾਰੀ ਦੇਣ ਲਈ ਕਿਤਾਬਚਾ ਦੇਣ ਦਾ ਭਰੋਸਾ ਦਿੱਤਾ। ਕਰਨਾਲ ਦੇ ਧਾਰਮਿਕ ਸਥਾਨ ਦੇ ਬਾਬਾ ਜੋਗਾ ਸਿੰਘ ਨੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਹਾਮੀਂ ਭਰੀ।