ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਪਰੈਲ
ਇੱਥੋਂ ਦੇ ਉਪਹਾਰ ਸਿਨੇਮਾ ’ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਸਵੇਰੇ 4.46 ਵਜੇ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦਿੱਲੀ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਸਿਨੇਮਾ ਹਾਲ ਦੀ ਗਰਾਊਂਡ ਫਲੋਰ ਤੇ ਬਾਲਕੋਨੀ ’ਚ ਕੁਰਸੀਆਂ, ਫਰਨੀਚਰ ਤੇ ਹੋਰ ਕਬਾੜ ਨੂੰ ਅੱਗ ਲੱਗ ਗਈ।
ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਉੱਥੇ ਪਏ ਕਬਾੜ ਵਿੱਚ ਕਿਸੇ ਵੱਲੋਂ ਬਲਦੀ ਹੋਈ ਬੀੜੀ/ਸਿਗਰਟ ਆਦਿ ਸੁੱਟ ਦਿੱਤੀ ਗਈ ਹੋਵੇਗੀ ਜੋ ਬਾਅਦ ਵਿੱਚ ਸੁਲਗ ਪਈ ਤੇ ਅੱਗ ਲੱਗ ਗਈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਪਹਾਰ ਸਿਨੇਮਾ ਵਿੱਚ ਅੱਗ ਲੱਗੀ ਹੈ। 13 ਜੂਨ, 1997 ਨੂੰ ਜੇਪੀ ਦੱਤਾ ਦੀ ਫਿਲਮ ‘ਬਾਰਡਰ’ ਦੀ ਸਕ੍ਰੀਨਿੰਗ ਦੌਰਾਨ ਉਪਹਾਰ ਸਿਨੇਮਾ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਦੌਰਾਨ ਮਚੀ ਭਾਜੜ ਵਿੱਚ ਘੱਟੋ-ਘੱਟ 59 ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਇਹ ਸਿਨੇਮਾ ਬੰਦ ਪਿਆ ਹੈ। ਉਪਹਾਰ ਸਿਨੇਮਾ ਦੇ ਮਾਲਕ ਉਦਯੋਗਪਤੀ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ ਹੇਠਲੀ ਅਦਾਲਤ ਨੇ 2015 ਵਿੱਚ ‘ਅਪਰਾਧਿਕ ਲਾਪ੍ਰਵਾਹੀ’ ਲਈ ਦੋਸ਼ੀ ਠਹਿਰਾਇਆ ਸੀ।