ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਗਾਜੀਪੁਰ ਲੈਂਡਫਿਲ ਸਾਈਟ (ਕੂੜੇ ਦੇ ਢੇਰ) ਦਾ ਨਿਰੀਖਣ ਕੀਤਾ ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੂਰਬੀ ਦਿੱਲੀ ਨਗਰ ਨਿਗਮ ਦੇ ਮੇਅਰ ਨਿਰਮਲ ਜੈਨ, ਸਥਾਈ ਕਮੇਟੀ ਦੇ ਚੇਅਰਮੈਨ ਸੱਤਿਆਪਾਲ ਸਿੰਘ, ਸਦਨ ਦੇ ਨੇਤਾ ਪ੍ਰਵੇਸ਼ ਸ਼ਰਮਾ, ਕਮਿਸ਼ਨਰ ਦਿਲਰਾਜ ਕੌਰ ਤੇ ਆਰਡਬਲਯੂਏ ਅਧਿਕਾਰੀ ਮੌਜੂਦ ਸਨ। ਗੌਤਮ ਗੰਭੀਰ ਨੇ ਕਿਹਾ ਕਿ ਏਸ਼ੀਆ ਦੇ ਸਭ ਤੋਂ ਵੱਡੇ ਕੂੜੇ ਦੇ ਪਹਾੜ ਨੂੰ ਇੱਕ ਸਾਲ ਵਿੱਚ 40 ਫੁੱਟ ਘਟਾਇਆ ਗਿਆ ਹੈ। ਇਹ ਮੁੱਖ ਮੰਤਰੀ ਕੇਜਰੀਵਾਲ ਦੇ ਝੂਠ ਦਾ ਪਹਾੜ ਨਹੀਂ ਹੈ ਜਿਸ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਲੈਂਡਫਿਲ ਸਾਈਟ ਦਾ ਕਈ ਵਾਰ ਮੁਆਇਨਾ ਕਰਨ ਲਈ ਸੱਦਾ ਭੇਜਿਆ ਸੀ ਪਰ ਉਹ 6 ਸਾਲਾਂ ਵਿਚ ਇਕ ਵਾਰ ਵੀ ਮੁਆਇਨਾ ਕਰਨ ਨਹੀਂ ਆਏ। ਆਮ ਆਦਮੀ ਪਾਰਟੀ ਸਿਰਫ ਨਗਰ ਨਿਗਮ ਦੀ ਬੁਰਾਈ ਕਰਦੀ ਰਹਿੰਦੀ ਹੈ ਤੇ ਜਦੋਂ ਨਗਰ ਨਿਗਮ ਦੇ ਕੰਮਾਂ ਦੀ ਪ੍ਰਸ਼ੰਸਾ ਕਰਨ ਦਾ ਸਮਾਂ ਆਉਂਦਾ ਹੈ ਤਾਂ ਉਹ ਕਿਧਰੇ ਨਜ਼ਰ ਨਹੀਂ ਆਉਂਦੇ। ਆਮ ਆਦਮੀ ਪਾਰਟੀ ਸਾਡੇ ਚੰਗੇ ਕੰਮਾਂ ’ਤੇ ਵੀ ਸਵਾਲ ਉਠਾਉਂਦੀ ਹੈ। ਗਾਜੀਪੁਰ ਲੈਂਡਫਿਲ ਸਾਈਟ ‘ਤੇ ਕੂੜੇ ਦੇ ਪਹਾੜ ਦੀ ਉਚਾਈ ਨੂੰ ਘਟਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੂੜਾ 30-40 ਸਾਲਾਂ ਤੋਂ ਲਗਾਤਾਰ ਜਮ੍ਹਾਂ ਹੋ ਰਿਹਾ ਹੈ ਤੇ ਇਸ ਦੀ ਲੰਬਾਈ ਹਰ ਦਿਨ ਇਸ ਉਪਰ ਸੁੱਟੇ ਜਾ ਰਹੇ ਕੂੜੇ ਕਾਰਨ ਵਧ ਰਹੀ ਹੈ। ਲੈਂਡਫਿਲ ਦੀ ਲਗਾਤਾਰ ਵੱਧ ਰਹੀ ਉਚਾਈ ਦੇ ਮੱਦੇਨਜ਼ਰ ਪਿਛਲੇ ਸਾਲ ਸਤੰਬਰ ਮਹੀਨੇ ’ਚ 8 ‘ਟ੍ਰੋਮਿਲ’ ਮਸ਼ੀਨਾਂ ਲਗਾਈਆਂ ਗਈਆਂ ਸਨ ਤੇ 4 ਹੋਰ ਟ੍ਰੋਮਿਲ ਮਸ਼ੀਨਾਂ ਅਗਸਤ ਵਿਚ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਆਰਡਬਲਯੂਏ ਵਿੱਚ ਕੰਪੋਜ਼ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਜੋ ਕੂੜੇ ਨੂੰ ਖਤਮ ਕਰ ਦੇਣਗੀਆਂ।
ਗੰਭੀਰ ਦੀ ਕਾਰ ਕੂੜੇ ’ਚ ਧਸੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੂੰ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦਾ ਮਜ਼ਾਕ ਉਡਾਉਣ ਦਾ ਉਸ ਸਮੇਂ ਮੌਕਾ ਮਿਲ ਗਿਆ ਜਦੋਂ ਗੌਤਮ ਦੀ ਕਾਰ ਗਾਜ਼ੀਪੁਰ ਦੇ ਕੂੜਾ ਸਥਾਨ ਵਿੱਚ ਫਸ ਗਈ। ਫਿਰ ਇਸ ਕਾਰ ਨੂੰ ਕੁੱਝ ਮਜ਼ਦੂਰਾਂ ਨੇ ਪਿੱਛੋਂ ਧੱਕਾ ਲਾ ਕੇ ਬਾਹਰ ਕੱਢਿਆ। ‘ਆਪ’ ਨੇ ਗੰਭੀਰ ਨੂੰ ‘ਵੀਆਈਪੀ’ ਦੱਸਦਿਆਂ ਤਨਜ਼ ਕੱਸੀ ਕਿ ਗੰਭੀਰ ਆਪਣੇ ਝੂਠ ਦੇ ਢੇਰ ਵਿੱਚ ਫਸ ਗਿਆ। ‘ਆਪ’ ਨੇ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਗੰਭੀਰ ਨੂੰ ਰਾਜਨੀਤੀ ‘’ਚ ਉਲਝਣ ਦੀ ਥਾਂ ਦਿੱਲੀ ਦੀ ਸਫ਼ਾਈ ਵੱਲ ਧਿਆਨ ਦੇਣ ਦੀ ਨਸੀਹਤ ਦੇ ਦਿੱਤੀ ਤੇ ਕਿਹਾ, ‘ਵੀਆਈਪੀ ਗੰਭੀਰ ਨੇ ਗ਼ਰੀਬ ਮਜ਼ਦੂਰਾਂ ਨੂੰ ਆਪਣੀ ਕਾਰ ਧੱਕਣ ਲਈ ਮਜ਼ਬੂਰ ਕੀਤਾ। ਸ੍ਰੀ ਵੀਆਈਪੀ ਨਹੀਂ ਸੀ ਚਾਹੁੰਦਾ ਕਿ ਉਸ ਦੀਆਂ ਜੁੱਤੀਆਂ ਗੰਦੀਆਂ ਹੋਣ। ਦਿੱਲੀ ਦੀ ਸਫ਼ਾਈ ਦੀ ਕੋਈ ਚਿੰਤਾ ਨਹੀਂ ਸਿਰਫ਼ ਰਾਜਨੀਤੀ ਹੀ ਕੀਤੀ।