ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਪਰੈਲ
ਦਿੱਲੀ ਦੇ ਦੋ ਵੱਖ-ਵੱਖ ਇਲਾਕਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਦਿੱਲੀ ਫਾਇਰ ਸਰਵਿਸ ਨੇ ਦੋਵਾਂ ਥਾਵਾਂ ਉੱਪਰ ਆਪਣੇ ਅੱਗ ਬੁਝਾਊ ਦਸਤੇ ਭੇਜ ਕੇ ਸਥਿਤੀ ’ਤੇ ਕਾਬੂ ਪਾਇਆ। ਅੱਗ ਦੀ ਪਹਿਲੀ ਘਟਨਾ ਗਾਜ਼ੀਪੁਰ ਲੈਂਡਫਿਲ ਵਿੱਚ ਵਾਪਰੀ ਜਿੱਥੇ ਅਚਾਨਕ ਧੂੰਆਂ ਨਿਕਲਦਾ ਨਜ਼ਰ ਆਇਆ, ਜਿਸ ਦੀ ਜਾਣਕਾਰੀ ਤੁਰੰਤ ਦਿੱਲੀ ਫਾਇਰ ਸਰਵਿਸ ਨੂੰ ਦਿੱਤੀ ਗਈ। ਉਨ੍ਹਾਂ ਨੇ ਅੱਗ ਬੁਝਾਉਣ ਲਈ ਮੌਕੇ ’ਤੇ ਗੱਡੀਆਂ ਭੇਜੀਆਂ। ਜ਼ਿਕਰਯੋਗ ਹੈ ਕਿ ਦਿੱਲੀ ਦੇ ਪਹਾੜਨੁਮਾ ਕੂੜੇ ਵਾਲੀਆਂ ਥਾਵਾਂ ’ਚ ਗਰਮੀਆਂ ਦੇ ਦਿਨਾਂ ਦੌਰਾਨ ਆਮ ਹੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਕਿਉਂਕਿ ਇਨ੍ਹਾਂ ਢੇਰਾਂ ਵਿੱਚੋਂ ਗੈਸ ਨਿਕਲਦੀ ਰਹਿੰਦੀ ਹੈ। ਦਿੱਲੀ ਫਾਇਰ ਸਰਵਿਸ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਗਾਜ਼ੀਪੁਰ ਲੈਂਡਫਿਲ ਸਾਈਟ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਸ਼ਾਮ 5.22 ਵਜੇ ਫੋਨ ਆਇਆ ਅਤੇ ਦੋ ਅੱਗ ਬੁਝਾਊ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ।
ਦੂਜੀ ਅੱਗ ਦੀ ਘਟਨਾ ਨਵੀਂ ਦਿੱਲੀ ਦੇ ਜਨਪਥ ਚੌਕ ਨੇੜੇ ਵਾਪਰੀ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਜਨਪਥ ਚੌਕ ਨੇੜੇ ਇਕ ਨਿਰਮਾਣ ਅਧੀਨ ਇਮਾਰਤ ਵਿਚ ਪਏ ਕੂੜੇ ਨੂੰ ਅੱਗ ਲੱਗ ਗਈ। ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅਧਿਕਾਰੀਆਂ ਨੇ ਦੱਸਿਆ, ‘‘ਸਾਨੂੰ ਇੱਕ ਇਮਾਰਤ ਵਿੱਚ ਅੱਗ ਲੱਗਣ ਬਾਰੇ ਕਈ ਕਾਲਾਂ ਆਈਆਂ। ਅਸੀਂ ਛੇ ਫਾਇਰ ਵਾਹਨਾਂ ਨੂੰ ਮੌਕੇ ’ਤੇ ਭੇਜਿਆ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਅੱਗ ਇੱਕ ਕੂੜੇ ਦੇ ਢੇਰ ਨੂੰ ਲੱਗੀ ਹੈ।’’ ਡੀਐੱਫਐੱਸ ਦੇ ਅਧਿਕਾਰੀ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਜਾ ਕੇ ਅੱਗ ’ਤੇ ਕਾਬੂ ਪਾਇਆ।