ਪੱਤਰ ਪ੍ਰੇਰਕ
ਨਵੀਂ ਦਿੱਲੀ: 4 ਮਈ
ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਅਦਾਇਗੀ ਨਾ ਦਿੱਤੇ ਜਾਣ ਕਾਰਨ ਦਿੱਲੀ ਦੇ ਕਈ ਇਲਾਕਿਆਂ ਵਿੱਚ ਕੰਪਨੀਆਂ ਨੇ ਕੂੜਾ ਇਕੱਠਾ ਕਰਨਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਭੁਗਤਾਨ ਨਾ ਹੋਣ ਕਾਰਨ ਜਲਦੀ ਹੀ ਸਾਰੀਆਂ ਕੰਪਨੀਆਂ ਦਿੱਲੀ ਭਰ ਤੋਂ ਕੂੜਾ ਇਕੱਠਾ ਕਰਨਾ ਬੰਦ ਕਰ ਦੇਣਗੀਆਂ। ਜੇਕਰ ਅੱਜ ਸ਼ਾਮ ਤੋਂ ਕੂੜਾ ਚੁੱਕਣਾ ਸ਼ੁਰੂ ਨਾ ਹੋਇਆ ਤਾਂ ਆਮ ਆਦਮੀ ਪਾਰਟੀ ਵੀਰਵਾਰ ਨੂੰ ਸਾਰਾ ਕੂੜਾ ਚੁੱਕ ਕੇ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਦੇ ਘਰ ਅੱਗੇ ਸੁੱਟੇਗੀ।
ਗੁਮਰਾਹ ਕਰ ਰਹੀ ਹੈ ‘ਆਪ’: ਭਾਜਪਾ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਦੁਰਗੇਸ਼ ਪਾਠਕ ਹੰਗਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕੇਂਦਰੀ ਦਿੱਲੀ ਦੇ 7 ਮਿਉਂਸਿਪਲ ਵਾਰਡਾਂ ਵਿੱਚ 10 ਦਿਨਾਂ ਤੋਂ ਕੂੜਾ ਇਕੱਠਾ ਨਹੀਂ ਕੀਤਾ ਗਿਆ, ਜਦਕਿ ਸੱਚਾਈ ਇਹ ਹੈ ਕਿ ਸਬੰਧਤ ਕੂੜਾ ਚੁੱਕਣ ਵਾਲੀ ਕੰਪਨੀ ਤੇ ਨਗਰ ਨਿਗਮ ਦਾ ਸਮਝੌਤਾ ਪਿਛਲੇ ਮਹੀਨੇ ਖਤਮ ਹੋ ਗਿਆ ਹੈ। ਨਵੀਨੀਕਰਨ ਵਿੱਚ ਤਿੰਨ ਤੋਂ ਚਾਰ ਦਿਨ ਲੱਗ ਗਏ ਸਨ। ਇਸ ਦੌਰਾਨ ਉੱਤਰੀ ਦਿੱਲੀ ਨਗਰ ਨਿਗਮ ਨੇ ਬਦਲਵੇਂ ਰੂਪ ਵਿੱਚ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।