ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜਨਵਰੀ
ਅੰਡਰਵਰਲਡ ਨਾਲ ਸਬੰਧ ਰੱਖਣ ਵਾਲੇ ਗੈਂਗਸਟਰ ਅਜੈ ਗੁੱਜਰ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। 6 ਜਨਵਰੀ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਉਸਨੂੰ ਫੜ ਲਿਆ ਸੀ ਤੇ ਇਕ ਦਿਨ ਬਾਅਦ ਉਸ ਦੀ ਰਸਮੀ ਗ੍ਰਿਫ਼ਤਾਰੀ ਦਿਖਾਈ ਗਈ। ਉਸ ਦਾ ਨਾਮ ਕਤਲ, ਜਬਰੀ ਵਸੂਲੀ ਅਤੇ ਹਮਲੇ ਦੇ 24 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ ਅਰਧ-ਆਟੋਮੈਟਿਕ ਪਿਸਤੌਲ ਅਤੇ ਪੰਜ ਜਿੰਦਾ ਰੌਂਦ ਬਰਾਮਦ ਹੋਏ ਹਨ। ਗੁੱਜਰ ਕਥਿਤ ਤੌਰ ’ਤੇ ਮੁੰਬਈ ਸੰਗਠਿਤ ਅਪਰਾਧ ਸਿੰਡੀਕੇਟ ਲਈ ਕੰਮ ਕਰਦਾ ਸੀ। ਉਸ ਨੇ ਕਥਿਤ ਤੌਰ ’ਤੇ ਤਿਹਾੜ ਜੇਲ੍ਹ ਦੇ ਇੱਕ ਡੀਐਸਪੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਉਸ ’ਤੇ ਦਾਊਦ ਗੈਂਗ ਨਾਲ ਸਬੰਧ ਹੋਣ ਦੇ ਵੀ ਦੋਸ਼ ਹਨ। ਗੁਜਰ ਖ਼ਿਲਾਫ਼ ਰਾਜਸਥਾਨ ਅਤੇ ਹਰਿਆਣਾ ਵਿੱਚ ਵੀ ਕੇਸ ਦਰਜ ਹਨ। ਦੱਸਿਆ ਕਿ ਗੁਜਰ ਦੇ ਛੋਟਾ ਰਾਜਨ ਗੈਂਗ ਨਾਲ ਵੀ ਸਬੰਧ ਸਨ।