ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਕਤੂਬਰ
ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਕਿਹਾ ਕਿ ਗਾਂਧੀ ਸਾਡੇ ਰੋਲ ਮਾਡਲ ਹਨ। ਉਸ ਦੇ ਵਿਚਾਰਾਂ ਨੂੰ ਅਜ਼ਾਦੀ ਦੇ ਅੰਮ੍ਰਿਤ ਵਿੱਚ ਘੋਲਣ ਦੀ ਲੋੜ ਹੈ। ਉਹ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਮੌਕੇ ਕਰਵਾਏ ਗਏ ਵਿਸ਼ੇਸ਼ ਲੈਕਚਰ ‘ਗਾਂਧੀ ਤੇ ਆਜ ਕਾ ਇੰਡੀਆ’ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਪਦਮ ਭੂਸ਼ਣ ਡਾ: ਬਿੰਦੇਸ਼ਵਰ ਪਾਠਕ ਨੇ ਵੀ ਆਪਣਾ ਲੈਕਚਰ ਦਿੱਤਾ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਗਾਂਧੀ ਭਾਰਤ ਦੇ ਮੂਲ ਵਿਚਾਰ ਵਿੱਚ ਨਜ਼ਰ ਆਉਂਦੇ ਹਨ।
ਯੂਨੀਵਰਸਿਟੀ ਦੇ ਕਨਵੈਨਸ਼ਨ ਹਾਲ ਗਾਂਧੀ ਭਵਨ ਵਿੱਚ ਕਰਵਾਏ ਸਮਾਗਮ ਵਿੱਚ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਗਾਂਧੀ ਨੇ ਨਾ ਸਿਰਫ਼ ਭਾਰਤ ਦੇ ਲੋਕਾਂ ਦੀ ਸਗੋਂ ਪੂਰੀ ਦੁਨੀਆਂ ਦੀ ਸੋਚ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਚਰਖਾ ਅਤੇ ਉਦਯੋਗ ਜਗਤ ਦੀ ਚੁਣੌਤੀ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਕਿਵੇਂ ਮਹਾਤਮਾ ਗਾਂਧੀ ਨੇ ਸਾਰੇ ਭਾਰਤੀਆਂ ਨੂੰ ਇੱਕ ਧਾਗੇ ਵਿੱਚ ਜੋੜਿਆ ਸੀ। ਇਸ ਮੌਕੇ ਉਨ੍ਹਾਂ ਨੇ ਆਡੀਟੋਰੀਅਮ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਦੇਵਭੂਮੀ- ਉਤਰਾਖੰਡ ਦੇ ਦਰਸ਼ਨ ਕਰਨ ਦਾ ਸੱਦਾ ਵੀ ਦਿੱਤਾ।