ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ
ਦਿੱਲੀ ਪੁਲੀਸ ਨੇ ਵਿਮਲਾ ਦੇਵੀ ਤੇ ਡੌਲੀ ਰਾਇ ਦੇ ਕਤਲ ਵਿੱਚ ਹਰਸ਼ਿਤ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਵਿਮਲਾ ਦੇਵੀ ਦੇ ਪੁੱਤਰ ਤੋਂ ਪੈਸੇ ਉਧਾਰ ਲਏ ਹੋਏ ਸਨ, ਜੋ ਉਹ ਵਾਪਸ ਨਹੀਂ ਕਰ ਪਾ ਰਿਹਾ ਸੀ। ਇਸ ਕਾਰਨ ਉਸ ਨੇ ਉਸੇ ਘਰ ਵਿੱਚ ਚੋਰੀ ਕਰਨ ਦੀ ਯੋਜਨਾ ਬਣਾ ਲਈ, ਜਿਸ ਘਰ ਦੇ ਮੈਂਬਰਾਂ ਨੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਹਰਸ਼ਿਤ ਨੂੰ ਦਿੱਤੀ ਸੀ। ਏਸੀਪੀ ਭਜਨਪੁਰਾ ਦੀ ਦੇਖ-ਰੇਖ ’ਚ ਥਾਣਾ ਵੇਲਕਮ ਅਤੇ ਅਪਰੇਸ਼ਨ ਵਿੰਗ ਦੀ ਸਾਂਝੀ ਟੀਮ ਨੂੰ ਮਾਮਲੇ ਨੂੰ ਸੁਲਝਾਉਣ ਦਾ ਕੰਮ ਸੌਂਪਿਆ ਗਿਆ। ਟੀਮ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕੀਤਾ ਤੇ ਗੁਆਂਢੀਆਂ ਤੋਂ ਜਾਣਕਾਰੀ ਇਕੱਠੀ ਕੀਤੀ। ਲੜਕੇ ਸ਼ਸ਼ਾਂਕ ਨੇ ਦੱਸਿਆ ਕਿ ਉਹ ਚਾਂਦਨੀ ਚੌਕ ’ਚ ‘ਰਾਏ ਬ੍ਰਦਰਜ਼’ ਦੇ ਨਾਂ ਦੀ ਪੂਜਾ ਸਮਗਰੀ ਦੀ ਦੁਕਾਨ ਚਲਾਉਂਦਾ ਹੈ ਤੇ ਦੁਕਾਨ ਤੇ ਘਰ ਦੀ ਜ਼ਿੰਮੇਵਾਰੀ ਉਸ ਨੇ ਆਪਣੇ ਇੱਕ ਪਰਿਵਾਰਕ ਦੋਸਤ ਹਰਸ਼ਿਤ ਨੂੰ ਸੌਂਪੀ ਸੀ। ਡੌਲੀ ਰਾਏ ਰੋਜ਼ਾਨਾ ਆਪਣੇ ਪਾਲਤੂ ਕੁੱਤੇ ਨਾਲ ਸਵੇਰ ਦੀ ਸੈਰ ਲਈ ਜਾਂਦੀ ਸੀ ਪਰ 14 ਅਗਸਤ ਦੀ ਸਵੇਰ ਨੂੰ ਬਾਹਰ ਨਹੀਂ ਆਈ। ਇਸ ਬਾਰੇ ਗੁਆਂਢੀਆਂ ਰਾਹੀਂ ਪਤਾ ਲੱਗਾ ਕਿ ਡੌਲੀ ਰਾਏ ਨੂੰ 13 ਅਗਸਤ ਦੀ ਸ਼ਾਮ ਨੂੰ ਹਰਸ਼ਿਤ ਨਾਲ ਦੇਖਿਆ ਗਿਆ ਸੀ ਜਦੋਂ ਉਹ ਘਰ ਗਈ ਸੀ। ਹਰਸ਼ਿਤ ਨੇ ਸ਼ਸ਼ਾਂਕ ਤੋਂ ਵਿਆਜ ’ਤੇ 4-5 ਲੱਖ ਰੁਪਏ ਲਏ ਸਨ ਤੇ ਹੁਣ ਪੈਸੇ ਦੀ ਤੰਗੀ ਕਾਰਨ ਸ਼ਸ਼ਾਂਕ ਨੂੰ ਰਕਮ ਵਾਪਸ ਨਹੀਂ ਕਰ ਸਕਿਆ। ਸੀਸੀਟੀਵੀ ਫੁਟੇਜ ਦੇ ਹੋਰ ਜਾਂਚ ਵਿੱਚ ’ਤੇ ਹਰਸ਼ਿਤ ਨੂੰ 14 ਅਗਸਤ ਨੂੰ ਆਪਣੇ ਘਰ ਦੇ ਨੇੜੇ ਆਪਣੇ ਹੱਥ ਵਿੱਚ ਕੁਝ ਲੈ ਕੇ ਜਾਂਦਾ ਦੇਖਿਆ ਗਿਆ ਸੀ।