ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ ’ਚ ਸ਼ਨਿਚਰਵਾਰ ਰਾਤ ਨੂੰ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ ਦੋਸਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਸ਼ੱਕ ਪ੍ਰਗਟਾਇਆ ਕਿ ਇਹ ਮਾਮਲਾ ਸ਼ੱਕੀ ਪ੍ਰੇਮ ਸਬੰਧਾਂ ਦਾ ਹੋ ਸਕਦਾ ਹੈ। 17 ਜੁਲਾਈ ਨੂੰ ਪੁਲੀਸ ਨੂੰ ਸਵੇਰੇ 2 ਵਜੇ ਦੇ ਕਰੀਬ ਕਾਲ ਆਈ, ਜਿਸ ਉਪਰੰਤ ਇੱਕ ਐਮਰਜੈਂਸੀ ਰਿਸਪਾਂਸ ਵਹੀਕਲ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ। ਅਧਿਕਾਰੀਆਂ ਨੂੰ ਰਾਮਲੀਲ੍ਹਾ ਮੈਦਾਨ ਦੇ ਕੋਲ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਪਿਆ ਮਿਲਿਆ। ਪੀੜਤ ਦੀ ਪਛਾਣ ਅਭਿਸ਼ੇਕ ਸਿੰਘ ਵਜੋਂ ਹੋਈ ਹੈ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ’ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਦੌਰਾਨ ਪਤਾ ਲੱਗਾ ਕਿ ਅਭਿਸ਼ੇਕ ਦਿੱਲੀ ਦੇ ਆਜ਼ਾਦਪੁਰ ਇਲਾਕੇ ਵਿਚ ਰਾਮਲੀਲ੍ਹੀ ਮੈਦਾਨ ਨੇੜੇ ਆਪਣੇ ਇਕ ਦੋਸਤ ਨੂੰ ਮਿਲਣ ਗਿਆ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਤੇ ਉਸਦੇ ਦੋਸਤ ਨੇ ਗੋਲੀ ਮਾਰ ਦਿੱਤੀ।