ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਪਰੈਲ
ਦਿੱਲੀ ਵਿੱਚ ਇਲੈਕਟ੍ਰਿਕ ਵਾਹਨ 1 ਜੂਨ ਤੋਂ ਰਾਜਧਾਨੀ ਦੇ 40 ਤੋਂ ਵੱਧ ਜਨਤਕ ਚਾਰਜਿੰਗ ਸਟੇਸ਼ਨਾਂ ‘ਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਆਪਣੇ ਵਾਹਨਾਂ ਨੂੰ ਮੁਫਤ ਚਾਰਜ ਕਰਨ ਦੇ ਯੋਗ ਹੋਣਗੇ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਅਤੇ ਜਨਤਕ ਸਟੇਸ਼ਨਾਂ ’ਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਨੂੰ ਉਤਸ਼ਾਹਿਤ ਕਰਨਾ ਹੈ। ਉਪਭੋਗਤਾਵਾਂ ਨੂੰ ਦੁਪਹਿਰ ਦੇ ਮੁਫਤ ਚਾਰਜ ਦੀ ਇਹ ਪਹਿਲ ਇੱਕ ਈਵੀ ਚਾਰਜਿੰਗ ਸਟਾਰਟਅੱਪ ਇਲੈਕਟ੍ਰੀਵਾ ਦੁਆਰਾ ਕੀਤੀ ਜਾ ਰਹੀ ਹੈ, ਜਿਸ ਨੇ ਤਿੰਨ ਨਾਗਰਿਕ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਵਿੱਚ 40 ਤੋਂ ਵੱਧ ਜਨਤਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਹਨ। ਸਾਊਥ ਐਕਸਟੈਂਸ਼ਨ, ਬਿਕਾਜੀ ਕਾਮਾ ਪਲੇਸ, ਡਿਫੈਂਸ ਕਲੋਨੀ ਅਤੇ ਰਿੰਗ ਰੋਡ ‘ਤੇ ਚੱਲ ਰਹੇ 35 ਚਾਰਜਿੰਗ ਸਟੇਸ਼ਨਾਂ ‘ਤੇ ਮੁਫਤ ਚਾਰਜਿੰਗ ਸੇਵਾ ਪ੍ਰਦਾਨ ਕੀਤੀ ਜਾਵੇਗੀ।