ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਇੱਥੇ ਇਕ ਹੈੱਡ ਗ੍ਰੰਥੀ ਨੂੰ ਅਮਰੀਕਾ ਵਿੱਚ ਕੀਰਤਨ ਦਾ ਮੌਕਾ ਦੇਣ ਦੇ ਨਾਂ ਹੇਠ ਇਕ ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇਕ 51 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਮੱਧ ਪ੍ਰਦੇਸ਼ ਦੇ ਇੰਦੌਰ ਦੇ ਸੰਜੇ ਯਾਦਵ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਦਿੱਲੀ ਅਤੇ ਮੁੰਬਈ ਵਿੱਚ ਧੋਖਾਧੜੀ ਦੇ ਦੋ ਮਾਮਲਿਆਂ ਵਿੱਚ ਸ਼ਾਮਲ ਸੀ। ਦਿੱਲੀ ਦੇ ਇੱਕ ਗੁਰਦੁਆਰੇ ਦੇ ਹੈੱਡ ਗ੍ਰੰਥੀ ਬਲਦੇਵ ਸਿੰਘ ਵੱਲੋਂ ਸ਼ਿਕਾਇਤ ਮਿਲੀ ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਇੱਕ ਵਿਅਕਤੀ ਉਸ ਨੂੰ ਸਮਾਗਮਾਂ ਦੌਰਾਨ ਮਿਲਿਆ ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 1.25 ਲੱਖ ਰੁਪਏ ਲੈ ਲਏ। ਕਾਲ ਡਿਟੇਲ ਤੇ ਪੈਸਿਆਂ ਦੇ ਲੈਣ-ਦੇਣ ਦੇ ਤਕਨੀਕੀ ਵਿਸ਼ਲੇਸ਼ਣ ਦੌਰਾਨ ਇਹ ਪਾਇਆ ਗਿਆ ਕਿ ਮੁਲਜ਼ਮ ਇੰਦੌਰ ਦੇ ਵੱਖ-ਵੱਖ ਸਥਾਨਾਂ ਤੋਂ ਕੰਮ ਕਰ ਰਿਹਾ ਸੀ। ਡਿਪਟੀ ਕਮਿਸ਼ਨਰ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਇੰਦੌਰ ਵਿੱਚ ਛਾਪਾ ਮਾਰ ਕੇ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ।